
ਪਾਰਟੀ ਦੇ ਕੰਮਕਾਜ ਵਿੱਚ ਬਾਹਰੀ ਦਖ਼ਲਅੰਦਾਜ਼ੀ ਅਤੇ ਅੰਦਰੂਨੀ ਲੋਕਤੰਤਰ ਦੀ ਅਣਦੇਖੀ ਦੇ ਲਾਏ ਦੋਸ਼
ਪੰਥਕ ਜਥੇਬੰਦੀਆਂ ਨੂੰ ਸਿਧਾਂਤਾਂ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ
ਚੰਡੀਗੜ੍ਹ, 31 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦਾ ਜਥੇਬੰਦਕ ਢਾਂਚਾ ਭੰਗ ਕਰਨ ਦੇ ਫ਼ੈਸਲੇ ਨੂੰ ਇਕਪਾਸੜ ਅਤੇ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਕਮੇਟੀ ਨੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਕਥਿਤ ਸਰਕਾਰੀ ਦਖ਼ਲਅੰਦਾਜ਼ੀ, ਜਥੇਬੰਦਕ ਪਾਰਦਰਸ਼ਤਾ ਦੀ ਘਾਟ ਅਤੇ ਪੰਥਕ ਏਜੰਡੇ ਤੋਂ ਭਟਕਣ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸ਼ਨਿਚਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਬੁਲਾਰੇ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ ਪੰਥਕ ਹੋਂਦ, ਮੀਰੀ-ਪੀਰੀ ਦੇ ਸਿਧਾਂਤ, ਸਿਆਸੀ ਖ਼ੁਦਮੁਖਤਿਆਰੀ ਅਤੇ ਸਿੱਖ ਸਵੈਮਾਣ ਦੀ ਰਾਖੀ ਲਈ ਕੀਤੀ ਗਈ ਸੀ, ਪਰ ਮੌਜੂਦਾ ਹਾਲਾਤ ਪਾਰਟੀ ਦੀ ਵਿਚਾਰਧਾਰਕ ਵਚਨਬੱਧਤਾ ’ਤੇ ਸਵਾਲ ਖੜ੍ਹੇ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਹੁਗਿਣਤੀ ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਦੇ ਕੰਮਕਾਜ ਵਿੱਚ ਕਥਿਤ ਸਰਕਾਰੀ ਦਖ਼ਲ, ਅਹੁਦਿਆਂ ਦੀ ਵੰਡ ਅਤੇ ਟਿਕਟਾਂ ਸਬੰਧੀ ਮਾਮਲੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੇ ਧਿਆਨ ਵਿੱਚ ਲਿਆਂਦੇ ਸਨ। ਇਸ ਸਬੰਧੀ 20 ਅਕਤੂਬਰ ਨੂੰ ਛੇ ਸਫ਼ਿਆਂ ਦਾ ਪੱਤਰ ਤੱਥਾਂ ਅਤੇ ਸਬੂਤਾਂ ਸਮੇਤ ਸੌਂਪ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਸੀ।
ਭੰਡਾਲ ਅਨੁਸਾਰ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਰਦਾਸ ਉਪਰੰਤ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਨੇ ਬਾਪੂ ਤਰਸੇਮ ਸਿੰਘ, ਪੰਜ ਪ੍ਰਧਾਨੀ ਦੇ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਕਰੀਬ ਪੰਜ ਘੰਟੇ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਬਾਪੂ ਤਰਸੇਮ ਸਿੰਘ ਨੇ ਜਾਂਚ ਲਈ ਤਿੰਨ ਦਿਨ ਦਾ ਸਮਾਂ ਮੰਗਿਆ ਸੀ, ਪਰ 24 ਘੰਟਿਆਂ ਦੇ ਅੰਦਰ ਹੀ 23 ਜ਼ਿਲ੍ਹਿਆਂ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਅਤੇ ਕਮੇਟੀ ਦੇ ਪੰਜ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਗਈ।
ਕਮੇਟੀ ਨੇ ਇਸ ਕਾਰਵਾਈ ਨੂੰ ਗੈਰ-ਸੰਵਿਧਾਨਕ ਦੱਸਦਿਆਂ ਕਿਹਾ ਕਿ ਕਿਸੇ ਇੱਕ ਵਿਅਕਤੀ ਜਾਂ ਅਹੁਦੇਦਾਰ ਨੂੰ ਅਜਿਹਾ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਇਸੇ ਦੌਰਾਨ ਤਜਿੰਦਰ ਸਿੰਘ ਢਿੱਲੋਂ ਦਾ ਅਸਤੀਫ਼ਾ ਵੀ ਨਾਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਕਿਹਾ ਗਿਆ।
ਭੰਡਾਲ ਨੇ ਕਿਹਾ ਕਿ ਪਾਰਟੀ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਜਾਇਦਾਦ ਨਹੀਂ, ਸਗੋਂ ਪੰਥ ਅਤੇ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ। ਉਨ੍ਹਾਂ ਜ਼ਿਲ੍ਹਾ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸੰਸਦ ਮੈਂਬਰ ਬਣਾਉਣ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਪਾਰਟੀ ਦੇ ਬੁਨਿਆਦੀ ਸਿਧਾਂਤਾਂ, ਅੰਦਰੂਨੀ ਲੋਕਤੰਤਰ ਅਤੇ ਆਜ਼ਾਦ ਹੋਂਦ ਦੀ ਰਾਖੀ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਰੁੱਧ ਨਹੀਂ, ਸਗੋਂ ਪੰਥਕ ਸਿਧਾਂਤਾਂ ਅਤੇ ਜਥੇਬੰਦਕ ਪਾਰਦਰਸ਼ਤਾ ਦੀ ਰਾਖੀ ਲਈ ਹੈ।