
ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਇਨਕਰੀਮੈਂਟ ਬਹਾਲ ਕਰਨ ਤੇ ਪੈਨਸ਼ਨਰੀ ਰਾਹਤ ਦੇ ਮੁੱਦੇ ਉੱਠੇ
ਚੰਡੀਗੜ੍ਹ, 15 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਵਿੱਤ ਮੰਤਰੀ ਅਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਮੁਲਾਜ਼ਮ ਅਤੇ ਠੇਕਾ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਸੇਵਾ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਯੂਨੀਅਨਾਂ ਨੂੰ ਮੰਗਾਂ ਦੇ ਯੋਗ ਅਤੇ ਸਮਾਂਬੱਧ ਹੱਲ ਦਾ ਭਰੋਸਾ ਦਿੰਦਿਆਂ ਸਬੰਧਤ ਵਿਭਾਗਾਂ ਅਤੇ ਬੋਰਡਾਂ ਦੇ ਅਧਿਕਾਰੀਆਂ ਨੂੰ ਮਸਲਿਆਂ ਦੀ ਤੁਰੰਤ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
ਚੀਮਾ ਨੇ ਵਫ਼ਦਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਹਮਦਰਦੀ ਅਤੇ ਨਿਰਪੱਖਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਮਲਿਆਂ ਦੇ ਹੱਲ ਲਈ ਸਾਰੇ ਤਕਨੀਕੀ ਅਤੇ ਵਿੱਤੀ ਪਹਿਲੂਆਂ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਵਿਭਾਗੀ ਰੋਲ ’ਤੇ ਲਿਆਉਣ, ਰੋਕੀਆਂ ਗਈਆਂ ਸਾਲਾਨਾ ਤਰੱਕੀਆਂ (ਇਨਕਰੀਮੈਂਟ) ਬਹਾਲ ਕਰਨ, ਸਮਾਰਟ ਮੀਟਰਾਂ ਦੇ ਪ੍ਰਭਾਵ ਤੋਂ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਅਤੇ ਸੇਵਾਮੁਕਤ ਮੁਲਾਜ਼ਮਾਂ ਲਈ ਪੈਨਸ਼ਨਰੀ ਰਾਹਤ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ।
ਇਨਲਿਸਟਮੈਂਟ-ਆਊਟਸੋਰਸਿੰਗ ਤਾਲਮੇਲ ਕਮੇਟੀ ਪੰਜਾਬ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਠੇਕਾ ਮੁਲਾਜ਼ਮ ਯੂਨੀਅਨ, ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪਾਵਰਕੌਮ ਮੀਟਰ ਰੀਡਰ ਯੂਨੀਅਨ (ਆਜ਼ਾਦ), ਸੋਸ਼ਲ ਕਰਮਚਾਰੀ ਯੂਨੀਅਨ, ਰਿਟਾਇਰਡ ਹੋਮ ਗਾਰਡਜ਼ ਵੈੱਲਫੇਅਰ ਐਸੋਸੀਏਸ਼ਨ, ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਅਤੇ ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਮੰਗ ਪੱਤਰ ਸੌਂਪੇ।
ਬੇਰੁਜ਼ਗਾਰ ਸਾਂਝਾ ਮੋਰਚਾ ਅਤੇ ਨੈਸ਼ਨਲ ਹੈਲਥ ਮਿਸ਼ਨ ਕਰੋਨਾ ਵਲੰਟੀਅਰ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਆਪਣੇ ਮਸਲੇ ਰੱਖੇ। ਵਫ਼ਦਾਂ ਵਿੱਚ ਸ਼ਾਮਲ ਨੁਮਾਇੰਦਿਆਂ ਨੇ ਸੇਵਾ ਸਬੰਧੀ ਮੰਗਾਂ ਦੇ ਹੱਲ ਲਈ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ। ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਮਸਲਿਆਂ ਦੇ ਤੇਜ਼ੀ ਨਾਲ ਨਿਬੇੜੇ ਲਈ ਕਦਮ ਚੁੱਕਣ ਲਈ ਕਿਹਾ।