
ਮੋਹਾਲੀ, 30 ਅਗਸਤ, ਅਮਨਦੀਪ ਸਿੰਘ:
ਵਾਰਿਅਰਜ਼ ਸਪੋਰਟਸ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਪਾਰਕ ਹਸਪਤਾਲ, ਸੈਕਟਰ-69, ਮੋਹਾਲੀ ਦੇ ਸਹਿਯੋਗ ਨਾਲ ਐਤਵਾਰ ਨੂੰ ਸ੍ਰੀ ਸਨਾਤਨ ਧਰਮ ਮੰਦਰ, ਫੇਜ਼-4, ਮੋਹਾਲੀ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਅਤੇ ਖੂਨਦਾਨ ਮੈਗਾ ਕੈਂਪ ਲਗਾਇਆ ਗਿਆ। ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ।
ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ 60 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਦਿੱਤੀ ਗਈ। ਇਸ ਮੌਕੇ ਲੋਕਾਂ ਨੂੰ ਮੁਫ਼ਤ ਸਿਹਤ ਜਾਂਚ, ਡਾਕਟਰੀ ਸਲਾਹ, ਦਵਾਈਆਂ ਅਤੇ ਮਾਹਿਰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਕੈਂਪ ਵਿੱਚ ਜਨਰਲ ਮੈਡੀਸਨ, ਆਰਥੋਪੀਡਿਕਸ ਅਤੇ ਅੱਖਾਂ ਦੀ ਜਾਂਚ ਨਾਲ ਸਬੰਧਤ ਮਾਹਿਰ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਦੇ ਨਾਲ ਹੀ ਸਵੈਇੱਛਿਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਖੂਨਦਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ।
ਆਯੋਜਕਾਂ ਨੇ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਮਾਜਿਕ ਅਤੇ ਸਿਹਤ ਸੇਵਾ ਅਭਿਆਨਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਜਾਂਚ ਰਾਹੀਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਮੌਕਾ ਮਿਲਦਾ ਹੈ, ਜਦਕਿ ਖੂਨਦਾਨ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਆਯੋਜਕਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਿਹਤਮੰਦ ਰਹੋ ਅਤੇ ਖੂਨਦਾਨ ਰਾਹੀਂ ਜ਼ਿੰਦਗੀਆਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਓ।