Breaking News
Smart Media Dashmesh Insurance Point

ਪਹਿਲੇ ਟੈਸਟ ‘ਚ ਭਾਰਤ ਦੀ 165 ਦੌੜਾਂ ਨਾਲ ਸ਼ਾਨਦਾਰ ਜਿੱਤ, ਸੀਰੀਜ਼ ਵਿਚ 1-0 ਨਾਲ ਅੱਗੇ

ਸਪਿਨਰ ਮਾਨਵ ਸੁਥਾਰ ਨੇ ਝਟਕਾਈਆਂ 10 ਵਿਕਟਾਂ; ਦੇਵਦੱਤ ਪੱਦੀਕਲ ਨੂੰ ਮੈਨ ਆਫ ਦੀ ਮੈਚ ਚੁਣਿਆ 

ਚੰਡੀਗੜ੍ਹ, 19 ਅਗਸਤ, ਪੰਜਾਬੀ ਦੁਨੀਆ ਬਿਊਰੋ :

ਸ੍ਰੀਲੰਕਾ ਦੇ ਗਾਲੇ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ 165 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਸੂਤਰਧਾਰ 10 ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਮਾਨਵ ਸੁਥਾਰ ਅਤੇ ਸੈਂਕੜਾ ਬਣਾਉਣ ਵਾਲੇ ਦੇਵਦੱਤ ਪਦੀਕੱਲ ਬਣੇ। ਭਾਰਤ ਨੇ ਇਸ ਜਿੱਤ ਨਾਲ ਦੋ ਟੈਸਟਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਹ ਮੈਚ ਭਾਰਤ ਦਾ 600ਵਾਂ ਟੈਸਟ ਹੋਣ ਕਰਕੇ ਵੀ ਖਾਸ ਰਿਹਾ। ਵਧੀਆ ਪ੍ਰਦਰਸ਼ਨ ਲਈ ਦੇਵਦੱਤ ਪੱਦੀਕਲ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਹੁਣ ਲੜੀ ਦਾ ਦੂਜਾ ਟੈਸਟ 23 ਅਗਸਤ ਤੋਂ ਕੋਲੰਬੋ ਦੇ ਸਿੰਹਾਲੀਜ਼ ਸਪੋਰਟਸ ਕਲੱਬ ਵਿੱਚ ਖੇਡਿਆ ਜਾਵੇਗਾ।

ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਜੇ ਵੀ ਟੀਮ ਦਾ ਸਭ ਤੋਂ ਵੱਡਾ ਟੀਚਾ ਹੈ। ਇਹ ਬਿਆਨ ਗਾਲੇ ਵਿੱਚ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਵਿੱਚ ਭਾਰਤ ਦੀ 165 ਦੌੜਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਇਆ ਹੈ।

ਜਿੱਤ ਲਈ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸ੍ਰੀਲੰਕਾਈ ਟੀਮ ਨੇ ਆਖਰੀ ਦਿਨ 84/4 ਤੋਂ ਪਾਰੀ ਅੱਗੇ ਸ਼ੁਰੂ ਕੀਤੀ। ਮੇਜ਼ਬਾਨ ਟੀਮ ਨੇ ਭਾਰਤੀ ਗੇਂਦਬਾਜ਼ਾਂ ਨੂੰ ਕਾਫੀ ਦੇਰ ਤੱਕ ਰੋਕੀ ਰੱਖਿਆ, ਪਰ ਅੰਤ ਵਿੱਚ ਪੂਰੀ ਟੀਮ 206 ਦੌੜਾਂ ’ਤੇ ਆਲ ਆਊਟ ਹੋ ਗਈ।

ਮਾਨਵ ਸੁਥਾਰ ਨੇ ਦੂਜੀ ਪਾਰੀ ਵਿੱਚ 6 ਵਿਕਟਾਂ 55 ਦੌੜਾਂ ਦੇ ਕੇ ਭਾਰਤੀ ਜਿੱਤ ਦੀ ਨੀਂਹ ਮਜ਼ਬੂਤ ਕੀਤੀ। ਪਹਿਲੀ ਪਾਰੀ ਵਿੱਚ ਵੀ ਉਸ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਇਸ ਤਰ੍ਹਾਂ ਉਸ ਨੇ ਪੂਰੇ ਮੈਚ ਵਿੱਚ 10 ਵਿਕਟਾਂ ਲੈ ਕੇ ਆਪਣੀ ਗੇਂਦਬਾਜ਼ੀ ਦਾ ਲੋਹਾ ਮਨਵਾਇਆ। 

ਆਖਰੀ ਦਿਨ ਸ੍ਰੀਲੰਕਾ ਦੇ ਧਨੰਜਯਾ ਡੀ ਸਿਲਵਾ ਅਤੇ ਸੋਨਲ ਦਿਨੁਸ਼ਾ ਨੇ 202 ਗੇਂਦਾਂ ’ਤੇ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਡੀ ਸਿਲਵਾ ਨੇ 59 ਦੌੜਾਂ ਉਤੇ ਰਵਿੰਦਰ ਜਡੇਜਾ ਦੇ ਸ਼ਿਕਾਰ ਬਣੇ, ਜਦਕਿ ਦਿਨੁਸ਼ਾ ਨੂੰ 84 ਦੌੜਾਂ ’ਤੇ ਪ੍ਰਸਿੱਧ ਕ੍ਰਿਸ਼ਨਾ ਨੇ ਆਊਟ ਕੀਤਾ। 

ਸੁਥਾਰ ਨੇ ਵਾਪਸੀ ਕਰਦਿਆਂ ਇੱਕ ਹੀ ਓਵਰ ਵਿੱਚ ਦਿਨੁਸ਼ਾ, ਪ੍ਰਭਾਤ ਜੈਸੂਰਿਆ, ਲਾਹਿਰੂ ਕੁਮਾਰਾ ਅਤੇ ਕੇਸ਼ਰਾ ਨੁਵਾਂਥਾ ਨੂੰ ਬੋਲਡ ਕਰਕੇ ਸ੍ਰੀਲੰਕਾ ਦੀ ਪਾਰੀ ਸਮੇਟ ਦਿੱਤੀ। ਇਹ ਜਿੱਤ ਭਾਰਤ ਲਈ ਟੈਸਟ ਕ੍ਰਿਕਟ ਵਿੱਚ ਹਾਲੀਆ ਸੰਘਰਸ਼ਾਂ ਤੋਂ ਬਾਅਦ ਇੱਕ ਵੱਡਾ ਮਨੋਬਲ ਵਧਾਉਣ ਵਾਲਾ ਨਤੀਜਾ ਹੈ।

Leave a Reply

Your email address will not be published. Required fields are marked *