
ਵਿਦਿਆਰਥੀਆਂ ਨੂੰ ਯੋਗਾ ਅਪਣਾਉਣ ਲਈ ਕੀਤਾ ਪ੍ਰੇਰਿਤ
ਮੋਹਾਲੀ, 22 ਜੂਨ, ਪੰਜਾਬੀ ਦੁਨੀਆ ਬਿਊਰੋ :
ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਐਨਸੀਸੀ ਅਤੇ ਐਨਐਸਐਸ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਅਤੇ ਸੰਪੂਰਨ ਵਿਕਾਸ ਲਈ ਯੋਗਾ ਦੀ ਮਹੱਤਤਾ ਨੂੰ ਉਭਾਰਨਾ ਸੀ।
ਐਨਸੀਸੀ/ਐਨਐਸਐਸ ਦੇ ਡਾਇਰੈਕਟਰ ਪ੍ਰੋ. (ਮੇਜਰ) ਏ.ਐਸ. ਚਾਹਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੁਹਿੰਮ ਤਹਿਤ ਯੂਨੀਵਰਸਿਟੀ ਵੱਲੋਂ ਕਈ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਲੜੀ ਅਧੀਨ ਰਿਆਤ ਬਾਹਰਾ ਸੀਨੀਅਰ ਸੈਕੰਡਰੀ ਸਕੂਲ,ਵਿਖੇ ਯੋਗਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਯੋਗਾ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ 16 ਜੂਨ ਨੂੰ ਦਿਵਿਆ ਚੈਨਲ ਦੇ ਸਹਿਯੋਗ ਨਾਲ ਵਿਸ਼ੇਸ਼ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਨਸੀਸੀ ਕੈਡਿਟਾਂ, ਐਨਐਸਐਸ ਵਲੰਟੀਅਰਾਂ, ਖੇਡ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਉਤਸ਼ਾਹਪੂਰਵਕ ਭਾਗ ਲਿਆ।ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਸਮਾਗਮ ਵਿੱਚ ਆਰਬੀਯੂ, ਆਰਬੀਆਈਐਸ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ, ਸੈਕਰਡ ਸੋਲਜ਼ ਸਕੂਲ ਘੜੂੰਆਂ ਅਤੇ ਐਨੀ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਭਾਗੀਦਾਰਾਂ ਨੇ ਤਜਰਬੇਕਾਰ ਪ੍ਰਸ਼ਿਕਸ਼ਕਾਂ ਦੀ ਅਗਵਾਈ ਹੇਠ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਅਭਿਆਸ ਕੀਤੇ। ਸੈਸ਼ਨਾਂ ਦੌਰਾਨ ਤਣਾਅ ਪ੍ਰਬੰਧਨ, ਇਕਾਗਰਤਾ ਵਿੱਚ ਵਾਧਾ ਅਤੇ ਸਮੁੱਚੀ ਤੰਦਰੁਸਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਕਿਹਾ ਕਿ ਯੋਗਾ ਭਾਰਤੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਹੈ, ਜੋ ਸੰਤੁਲਿਤ ਅਤੇ ਸਿਹਤਮੰਦ ਜੀਵਨ ਦਾ ਮਾਰਗ ਪ੍ਰਦਰਸ਼ਿਤ ਕਰਦੀ ਹੈ। ਡੀਐਸਡਬਲਯੂ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਵਿਦਿਆਰਥੀਆਂ ਦੇ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਹ ਸਮਾਗਮ ਪ੍ਰੋ. (ਮੇਜਰ) ਏ.ਐਸ. ਚਾਹਲ, ਡਾਇਰੈਕਟਰ ਐਨਸੀਸੀ/ਐਨਐਸਐਸ ਅਤੇ ਪ੍ਰੋ. (ਡਾ.) ਗੌਰਵ ਕਟੋਚ, ਸੀਟੀਓ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ।