Breaking News
Dashmesh GS Electricals Smart Media Insurance Point Tav Prasad

ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

ਡਿਪਟੀ ਚੋਣ ਕਮਿਸ਼ਨਰ ਨੇ ਪੰਜਾਬ ਵਿੱਚ ਤਿਆਰੀਆਂ ਦਾ ਲਿਆ ਜਾਇਜ਼ਾ

ਪੰਜਾਬ ਦਾ ਚੋਣ ਅਮਲਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਸੀ.ਈ.ਓ. ਪੰਜਾਬ

ਚੰਡੀਗੜ੍ਹ, 15 ਜੂਨ, ਪੰਜਾਬੀ ਦੁਨੀਆ ਬਿਊਰੋ :

ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਤਹਿਤ ਸੂਬੇ ਭਰ ਵਿੱਚ ਘਰ-ਘਰ ਗਣਨਾ 25 ਜੂਨ 2026 ਤੋਂ 24 ਜੁਲਾਈ, 2026 ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ-ਘਰ ਜਾਣਗੇ।

ਇਸ ਸੂਬੇ ਪੱਧਰੀ ਰਿਵੀਜ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਐਸ.ਬੀ.ਐਸ. ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓਜ਼) ਨਾਲ ਕੀਤੀ ਗਈ।

ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਨੇ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ, 23 ਜ਼ਿਲ੍ਹੇ ਅਤੇ 117 ਹਲਕੇ ਸ਼ਾਮਲ ਹਨ ਜਿਹਨਾਂ ਵਿੱਚ ਕੁੱਲ 14,664 ਸਥਾਨਾਂ ‘ਤੇ 24,453 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਕੁੱਲ 85.82 ਫ਼ੀਸਦ ਵੋਟਰ ਮੈਪਿੰਗ ਮੁਕੰਮਲ ਹੋ ਚੁੱਕੀ ਹੈ।

ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਏ.ਡੀ.ਈ.ਓਜ਼, ਈ.ਆਰ.ਓਜ਼, ਏ.ਈ.ਆਰ.ਓਜ਼, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਸਟਾਫ ਲਈ ਕਰਵਾਇਆ ਗਿਆ ਤਿੰਨ-ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ, ਜਦੋਂ ਕਿ ਬੀ.ਐਲ.ਓਜ਼ ਅਤੇ ਬੀ.ਐਲ.ਓਜ਼ ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਅਤੇ ਘਰ-ਘਰ ਜਾ ਕੇ ਤਸਦੀਕ ਕਰਨ ਸਬੰਧੀ ਪੜਾਅ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਿਵੀਜ਼ਨ ਨੂੰ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਭਰ ਵਿੱਚ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ।

ਸੈਸ਼ਨ ਦੌਰਾਨ, ਡਿਪਟੀ ਚੋਣ ਕਮਿਸ਼ਨਰ ਨੇ ਸਾਰੇ ਡੀ.ਈ.ਓਜ਼ ਨੂੰ ਵੋਟਰ ਸੂਚੀਆਂ ਦੀ ਸਟੀਕਤਾ, ਸੰਪੂਰਨਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕੋਲ ਦੀ ਸਮੀਖਿਆ ਕੀਤੀ ਜਿਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਸੂਚੀ ਵਿੱਚ ਦਰਜ ਕਰਨ ਤੋਂ ਰਹਿ ਨਾ ਜਾਵੇ ਅਤੇ ਕੋਈ ਵੀ ਅਯੋਗ ਐਂਟਰੀ ਸ਼ਾਮਲ ਨਾ ਕੀਤੀ ਜਾਵੇ।

ਮੀਟਿੰਗ ਦੌਰਾਨ ਘਰ-ਘਰ ਜਾ ਕੇ ਤਸਦੀਕ ਕਰਨ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਵਿੱਚ ਸਹਾਇਤਾ ਕਰਨ ਵਿੱਚ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਵੋਟਰ ਜਾਗਰੂਕਤਾ ਵਧਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ।

ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਪੰਜਾਬ ਦੇ ਤਿੰਨ ਰੋਜ਼ਾ ਦੌਰੇ ‘ਤੇ ਹਨ ਅਤੇ ਅਗਲੇ ਦੋ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਨੂੰ ਕਵਰ ਕਰਨਗੇ ਅਤੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੀ.ਈ.ਓ. ਪੰਜਾਬ ਵੀ ਹੋਣਗੇ।

Leave a Reply

Your email address will not be published. Required fields are marked *