Breaking News
Dashmesh GS Electricals Smart Media Insurance Point Tav Prasad

ਇੱਕ ਅੰਗਹੀਣ, ਮਿਹਨਤੀ ਤੇ ਇਮਾਨਦਾਰ JE ਦੇ ਤਬਾਦਲੇ ਨੇ ਮੁੱਖ ਇੰਜੀਨੀਅਰ ਦੀ ਮਨਸ਼ਾ ‘ਤੇ ਸਵਾਲ ਖੜੇ ਕੀਤੇ

ਕੀ ਇਹ ਸਖਤ ਸੁਨੇਹਾ ਹੈ ਕਿ ਮੁੱਖ ਇੰਜੀਨੀਅਰ ਦੇ ਚਹੇਤਿਆਂ ਨਾਲ ‘ਪੰਗਾ ਇਜ਼ ਨੌਟ ਚੰਗਾ’!

ਹੁਸ਼ਿਆਰਪੁਰ, 11 ਜੂਨ, ਸੁਰੇਸ਼ ਕੁਮਾਰ:

ਕੁਝ ਸਮਾਂ ਪਹਿਲਾਂ ਹੀ ਬਿਜਲੀ ਵਿਭਾਗ ਦੇ ਜਲੰਧਰ ਜ਼ੋਨ ਵਿੱਚ ਤਾਇਨਾਤ ਹੋਏ ਮੁੱਖ ਇੰਜੀਨੀਅਰ ਵਲੋਂ ਕੁਝ ਦਿਨ ਪਹਿਲਾਂ ਕੀਤੇ ਤਬਾਦਲਿਆਂ ਵਿੱਚ ਕਥਿਤ ਧੱਕੇਸ਼ਾਹੀ ਦੀ ਚਰਚਾ ਵਿਭਾਗ ਦੇ ਹਰ ਦਫ਼ਤਰ ਵਿੱਚ ਚੱਲ ਰਹੀ ਹੈ। ਇਸ ਕਥਿਤ ਧੱਕੇ ਦਾ ਸ਼ਿਕਾਰ ਹੋਏ ਮੁਕੇਰੀਆਂ ਤੋਂ ਹਾਜੀਪੁਰ ਤਬਦੀਲ ਹੋਣ ਵਾਲੇ ਇੱਕ ਅੰਗਹੀਣ ਜੇਈ ਅਤੇ ਹਾਜੀਪੁਰ ਦੇ ਇਮਾਨਦਾਰ, ਮਿਹਨਤੀ ਅਤੇ ਕਰੀਬ ਦੋ ਕੁ ਸਾਲ ਪਹਿਲਾਂ ਹੀ ਇੱਥੇ ਤਾਇਨਾਤ ਹੋਏ ਸਭ ਤੋਂ ਵੱਧ ਕੰਮ ਦਾ ਭਾਰ ਝੱਲਣ ਵਾਲੇ ਜੇਈ ਦੇ ਕੰਧਾਲਾ ਜੱਟਾਂ ਵਿਖੇ ਤਬਾਦਲੇ ਨੇ ਮੁੱਖ ਇੰਜੀਨੀਅਰ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮੁਕੇਰੀਆਂ ਵਾਲੇ ਅੰਗਹੀਣ ਜੇਈ ਨੇ ਆਪਣੀ ਬਦਲੀ ਭੰਗਾਲਾ ਉੱਪ ਮੰਡਲ ਅਧੀਨ ਕਰਨ ਲਈ ਅਤੇ ਹਾਜੀਪੁਰ ਵਾਲੇ ਜੇਈ ਨੇ ਆਪਣੀ ਤਲਵਾੜਾ ਜਾਂ ਦਾਤਾਰਪੁਰ ਬਦਲੀ ਲਈ ਦਰਖਾਸਤ ਦਿੱਤੀ ਹੋਈ ਸੀ। ਪਰ ਇਸਦੇ ਉਲਟ ਜਾਂਦਿਆਂ ਮੁੱਖ ਇੰਜੀਨੀਅਰ ਵਲੋਂ ਦੋਨਾਂ ਨੂੰ ਘਰੋਂ ਬੇ-ਘਰ ਕਰ ਦਿੱਤਾ ਗਿਆ। ਇਹ ਸ਼ਾਇਦ ਪਹਿਲੇ ਤਬਾਦਲੇ ਹਨ, ਜਿਹੜੇ ਕਿ ਧੱਕੇਸ਼ਾਹੀ ਦੇ ਨਾਲ ਨਾਲ ਮੁਲਾਜ਼ਮਾਂ ਨੁੰ ਸਬਕ ਸਿਖਾਉਣ ਵਾਲੇ ਜਾਪਦੇ ਹਨ।

ਹੈਰਾਨੀਜਨਕ ਹੈ ਕਿ ਇਨ੍ਹਾਂ ਦੋਹਾਂ ਜੇਈਜ਼ ਨੂੰ ਮੁੱਖ ਇੰਜੀਨੀਅਰ ਦੇ ਹੁਕਮਾਂ ‘ਤੇ ਅਗਲੇ ਦਿਨ ਹੀ ਰਲੀਵ ਕਰਕੇ ਸਬੰਧਿਤ ਥਾਵਾਂ ‘ਤੇ ਜੁਆਇੰਨ ਕਰਵਾ ਦਿੱਤਾ ਗਿਆ, ਪਰ ਹਰਿਆਣਾ ਉੱਪ ਮੰਡਲ ਦੇ ਆਪਣੀ ਦਰਖਾਸਤ ‘ਤੇ ਗੜਦੀਵਾਲਾ ਵਿਖੇ ਤਬਦੀਲ ਹੋਏ ਇੱਕ ਜੇਈ ਨੂੰ ਅਧਿਕਾਰੀਆਂ ਵਲੋਂ ਰਲੀਵ ਹੀ ਨਹੀਂ ਕੀਤਾ ਜਾ ਰਿਹਾ।

ਵਿਭਾਗੀ ਨਿਯਮਾਂ ਅਨੁਸਾਰ ਕਿਸੇ ਵੀ ਮੁਲਾਜ਼ਮ ਦੀ ਬਦਲੀ ਲਈ ਘੱਟੋ ਘੱਟ ਤਿੰਨ ਸਾਲ ਤੱਕ ਉਸਦੀ ਇੱਕ ਥਾਂ ਤਾਇਨਾਤੀ ਜ਼ਰੂਰੀ ਹੁੰਦੀ ਹੈ ਅਤੇ ਮੈਡੀਕਲ ਅਧਾਰ ਵਾਲੇ ਮੁਲਾਜ਼ਮ ਨੂੰ ਕਈ ਛੋਟਾਂ ਦਿੱਤੀਆਂ ਜਾਂਦੀਆਂ ਹਨ। ਪਰ ਮੁੱਖ ਇੰਜੀਨੀਅਰ ਨੇ ਇਨ੍ਹਾਂ ਸਾਰਿਆਂ ਨੂੰ ਅੱਖੋਂ-ਪਰੋਖੇ ਕਰਦਿਆਂ ਇਹ ਕਥਿਤ ਧੱਕੇਸ਼ਾਹੀ ਨੂੰ ਅੰਜਾਮ ਦੇ ਦਿੱਤਾ।

ਸਰਕਲ ਦਫ਼ਤਰ ਦੇ ਇੱਕ ਦਫ਼ਤਰੀ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਹਾਜੀਪੁਰ ਉੱਪ ਮੰਡਲ ਦਾ ਇੱਕ ਅਧਿਕਾਰੀ ਜੋ ਕਿ ਮੁੱਖ ਇੰਜੀਨੀਅਰ ਦਾ ਚਹੇਤਾ ਦੱਸਿਆ ਜਾ ਰਿਹਾ ਹੈ, ਸਬੰਧਿਤ ਜੇਈ ਦੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਨੌਕਰੀ ਤੋਂ ਨਾਖੁਸ਼ ਸੀ, ਕਿਉਂਕਿ ਉਕਤ ਅਧਿਕਾਰੀ ਦਾ ਕਥਿਤ ਭ੍ਰਿਸ਼ਟ ਤਰੀਕੇ ਨਾਲ ਗੈਰ ਕਨੂੰਨੀ ਲਾਈਨਾਂ ਤਬਦੀਲ ਕਰਨ ਦਾ ਪੁਰਾਣਾ ਰਿਕਾਰਡ ਹੈ ਅਤੇ ਸਬੰਧਿਤ ਜੇਈ ਉਸਦੀ ਮਨਸ਼ਾ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਇਸ ਉੱਪ ਮੰਡਲ ਅਧੀਨ 26 ਜਨਵਰੀ ਵਾਲੇ ਦਿਨ ਭ੍ਰਿਸ਼ਟ ਅਤੇ ਗੈਰ-ਕਨੂੰਨੀ ਤਰੀਕੇ ਨਾਲ ਲਾਈਨ ਸ਼ਿਫਟ ਕਰਨ ਅਤੇ ਖਿੱਚ ਪੁੱਟਣ ਦਾ ਮਾਮਲਾ ਗਰਮਾਇਆ ਸੀ, ਪਰ ਸੁਰਖੀਆਂ ਬਨਣ ਤੋਂ ਬਾਅਦ ਉਕਤ ਅਧਿਕਾਰੀ ਨੇ ਇਸਨੂੰ ਕੇਵਲ ਖਿੱਚ ਪੁੱਟਣ ਦਾ ਮਾਮਲਾ ਬਣਾਉਂਦਿਆਂ ਖਪਤਕਾਰ ਨੂੰ ਜ਼ੁਰਮਾਨਾ ਕਰਕੇ ਮਾਮਲਾ ਦੱਬ ਲਿਆ ਸੀ।

ਸਰਕਲ ਦਫ਼ਤਰ ਦੇ ਸੂਤਰ ਅਨੁਸਾਰ ਉੱਪ ਮੰਡਲ ਹਾਜੀਪੁਰ ਦੇ ਉਕਤ ਅਧਿਕਾਰੀ ਵਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਸਬੰਧਿਤ ਜੇਈ ਵਲੋਂ ਆਪਣੇ ਤਬਾਦਲੇ ਲਈ ਇੱਕ ਮੁਲਾਜ਼ਮ ਜਥੇਬੰਦੀ ਦੇ ਤਲਵਾੜਾ ਰਹਿੰਦੇ ਆਗੂ ਨੂੰ ਦਾਤਾਰਪੁਰ ਜਾਂ ਤਲਵਾੜਾ ਵਿਖੇ ਬਦਲੀ ਕਰਾਉਣ ਦੀ ਦਰਖਾਸਤ ਦਿੱਤੀ ਗਈ ਸੀ। ਪਰ ਜੇਈ ਇਹ ਨਹੀਂ ਜਾਣਦਾ ਸੀ ਕਿ ਤਲਵਾੜੇ ਵਾਲਾ ਜਥੇਬੰਦਕ ਆਗੂ ਅਤੇ ਉੱਪ ਮੰਡਲ ਹਾਜੀਪੁਰ ਦਾ ਅਧਿਕਾਰੀ ਇੱਕੋ ਹੀ ਜਥੇਬੰਦੀ ਦੇ ਮੈਂਬਰ ਸਨ। ਇਸਦਾ ਪਤਾ ਲਗਦਿਆਂ ਹੀ ਉੱਪ ਮੰਡਲ ਹਾਜੀਪੁਰ ਦੇ ਅਧਿਕਾਰੀ ਨੇ ਮੁੱਖ ਇੰਜੀਨੀਅਰ ਨਾਲ ਕਥਿਤ ਆਪਣੇ ਰਸੂਖ ਦੀ ਵਰਤੋਂ ਕਰਦਿਆਂ ਉਸਦਾ ਤਬਾਦਲਾ ਹਾਜੀਪੁਰ ਤੋਂ ਕੰਧਾਲਾ ਜੱਟਾਂ ਕਰਵਾ ਦਿੱਤਾ। ਹਾਜੀਪੁਰ ਵਾਲੇ ਜੇਈ ਦੀ ਸੀਟ ਭਰਨ ਲਈ ਆਪਣੀ ਭੰਗਾਲੇ ਬਦਲੀ ਦੀ ਦਰਖਾਸਤ ਦੇਣ ਵਾਲੇ ਅੰਗਹੀਣ ਜੇਈ ਦੀ ਬਲੀ ਦੇ ਦਿੱਤੀ ਗਈ।

ਸੂਤਰਾਂ ਅਨੁਸਾਰ ਮੁੱਖ ਇੰਜੀਨੀਅਰ ਵਲੋਂ ਅਗਲੇ ਦਿਨ ਹੁਕਮ ਚਾੜ੍ਹ ਦਿੱਤੇ ਗਏ ਕਿ ਤਬਦੀਲ ਹੋਏ ਮੁਲਾਜ਼ਮਾਂ ਜਿਨ੍ਹਾਂ ਵਿੱਚ ਇਹ ਜੇਈਜ਼ ਵੀ ਸ਼ਾਮਲ ਸਨ, ਨੂੰ ਤੁਰੰਤ ਰਲੀਵ ਕਰਕੇ ਅੱਗੇ ਜੁਆਇੰਨ ਕਰਵਾਇਆ ਜਾਵੇ। ਸੂਤਰ ਦੱਸਦੇ ਹਨ ਕਿ ਇਨ੍ਹਾਂ ਜੇਈਜ਼ ਨੇ ਆਪਣੇ ਧੱਕੇ ਨਾਲ ਕੀਤੇ ਤਬਾਦਲੇ ਦਾ ਵਿਰੋਧ ਕੀਤਾ ਅਤੇ ਜਥੇਬੰਦਕ ਆਗੂਆਂ ਵਲੋਂ ਇਹ ਮਾਮਲਾ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ। ਪਰ ਉਪਰੋਂ ਚੜ੍ਹੇ ਹੁਕਮਾਂ ‘ਤੇ ਫੁੱਲ ਚੜਾਉਂਦਿਆਂ ਹੇਠਲੇ ਅਧਿਕਾਰੀਆਂ ਨੇ ਜੇਈਜ਼ ਦਾ ਨੁਕਸਾਨ ਹੋਣ ਦਾ ਡਰਾਵਾ ਦੇ ਕੇ ਅਗਲੇ ਦਿਨ ਹੀ ਰਲੀਵ ਕਰਕੇ ਸਬੰਧਿਤ ਸਟੇਸ਼ਨਾਂ ‘ਤੇ ਜੁਆਇੰਨ ਕਰਵਾ ਦਿੱਤਾ। ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਕੀ ਮੁੱਖ ਇੰਜੀਨੀਅਰ ਵਲੋਂ ਕਥਿਤ ਧੱਕੇਸ਼ਾਹੀ ਨਾਲ ਕੀਤੀਆਂ ਇਹ ਬਦਲੀਆਂ ਮੁਲਾਜ਼ਮਾਂ ਤੇ ਜੇਈਜ਼ ਲਈ ਇੱਕ ਸੁਨੇਹਾ ਹਨ ਕਿ ਮੁੱਖ ਇੰਜੀਨੀਅਰ ਦੇ ਚਹੇਤਿਆਂ ਨਾਲ ‘ਪੰਗਾ ਇੱਜ਼ ਨੌਟ ਚੰਗਾ’!

Leave a Reply

Your email address will not be published. Required fields are marked *