
ਮਸ਼ੀਨੀ ਕਟਾਈ ਅਤੇ ਸੜਕਾਂ ਧੋਣ ਨਾਲ ਸਫ਼ਾਈ ਮਾਡਲ ਸ਼ਹਿਰ ਨੂੰ ਚਮਕਾਏਗਾ: ਬੈਂਸ
ਚੰਡੀਗੜ੍ਹ, 10 ਜੂਨ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਅਤੇ ਸਵੱਛਤਾ ਕਾਰਜਾਂ ਵਿੱਚ ਵੱਡਾ ਬਦਲਾਅ ਲਿਆਉਂਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਆਪਣੀ ਕਿਸਮ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ ਦਾ ਐਲਾਨ ਕੀਤਾ ਹੈ। ਇਹ ਮਾਡਲ ਇੱਕ ਮਹੀਨੇ ਦੇ ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਬਣਾਵੇਗਾ।
ਪਟਿਆਲਾ ਦੀਆਂ ਸੜਕਾਂ ‘ਤੇ ਬੁੱਧਵਾਰ ਸਵੇਰੇ ਇਸ ਨਵੇਂ ਮਾਡਲ ਦੀ ਸ਼ੁਰੂਆਤ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਹਾਈਬ੍ਰਿਡ ਮਾਡਲ ਮਸ਼ੀਨ ਨਾਲ ਘਾਹ-ਫੂਸ ਦੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ, ਸਕਰੱਬਰਜ਼, ਹੱਥੀਂ ਆਰਗੈਨਿਕ ਰਹਿੰਦ-ਖੂੰਹਦ ਇਕੱਠਾ ਕਰਨ ਅਤੇ ਸੜਕਾਂ ਦੀ ਧੁਆਈ ਦੇ ਕੰਮ ਨੂੰ ਆਪਸ ਵਿੱਚ ਜੋੜਦਾ ਹੈ। ਇਹ ਸਿਸਟਮ ਹਰੇਕ ਵਾਰਡ ਲਈ ਪਹਿਲਾਂ ਤੋਂ ਨਿਰਧਾਰਿਤ ਹਫ਼ਤਾਵਾਰੀ ਸਫ਼ਾਈ ਸ਼ਡਿਊਲ ਅਨੁਸਾਰ ਕੰਮ ਕਰੇਗਾ।
ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ, ਭਾਰਤ ਦੇ ਸਭ ਤੋਂ ਬਿਹਤਰ ਸਫ਼ਾਈ ਮਾਡਲ ਨੂੰ ਲਾਗੂ ਕਰ ਰਿਹਾ ਹੈ। ਚਹੁੰ-ਪੜਾਵੀਂ ਇਸ ਮਾਡਲ ਵਿੱਚ ਆਟੋਮੈਟਿਕ ਸ਼ਰੱਬ ਕਟਰ (ਝਾੜੀਆਂ ਕੱਟਣ ਵਾਲੀ ਮਸ਼ੀਨ), ਘਾਹ-ਫੂਸ ਅਤੇ ਦਰੱਖਤਾਂ ਦੀਆਂ ਟਾਹਣੀਆਂ ਦੀ ਹੱਥੀਂ ਚੁਕਾਈ, ਸੁਪਰ-ਸਕਸ਼ਨ ਮਸ਼ੀਨ ਤੇ ਸਕਰੱਬਰਜ਼ ਸ਼ਾਮਲ ਹੈ। ਇਸ ਬਾਅਦ ਸੜਕਾਂ ਨੂੰ ਧੋਤਾ ਜਾਵੇਗਾ।