
ਮੋਹਾਲੀ, 1 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਪ੍ਰੈਸ ਕਲੱਬ ਦੀ 5 ਅਪ੍ਰੈਲ 2026 ਨੂੰ ਹੋਣ ਜਾ ਰਹੀ ਸਲਾਨਾ ਚੋਣ ਦੇ ਮੱਦੇਨਜ਼ਰ ਅੱਜ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, ਜਿਸ ਵਿੱਚ ਚੋਣ ਅਧਿਕਾਰੀ ਕੁਲਵਿੰਦਰ ਸਿੰਘ ਬਾਵਾ ਅਤੇ ਗੁਰਮੀਤ ਸਿੰਘ ਰੰਧਾਵਾ ਹਾਜ਼ਰ ਸਨ।
ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ 5 ਅਪ੍ਰੈਲ 2026 ਦੀ ਚੋਣ ਸਬੰਧੀ ਨਾਮਜ਼ਦਗੀਆਂ ਭਰਨ ਲਈ ਫਾਰਮ 3 ਅਪ੍ਰੈਲ 2026 ਤੱਕ ਸਵੇਰੇ 10.00 ਵਜੇ ਤੱਕ ਲਏ ਜਾ ਸਕਣਗੇ ਅਤੇ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਰੱਖਿਆ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 4 ਅਪ੍ਰੈਲ 2026 ਨੂੰ ਬਾਅਦ ਦੁਪਹਿਰ 1.00 ਤੋਂ 3.00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 4 ਅਪ੍ਰੈਲ 2026 ਨੂੰ ਹੀ ਬਾਅਦ ਦੁਪਹਿਰ 3.00 ਵਜੇ ਤੋਂ 4.00 ਵਜੇ ਤੱਕ ਹੋਵੇਗੀ। ਚੋਣ ਪ੍ਰਕਿਰਿਆ 5 ਅਪ੍ਰੈਲ 2026 ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਹੋਵੇਗੀ। ਇਹ ਚੋਣ ਮੋਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 387 (ਬੈਕਸਾਈਡ), ਫੇਜ਼-2, ਮੋਹਾਲੀ ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 5 ਅਪ੍ਰੈਲ 2026 ਨੂੰ ਸ਼ਾਮੀ 4.00 ਵਜੇ ਐਲਾਨੇ ਜਾਣਗੇ। ਜੇਕਰ ਮਿਤੀ 4 ਅਪ੍ਰੈਲ 2026 ਤੱਕ ਸਰਬਸੰਮਤੀ ਜਾਂ ਬਿਨਾਂ ਮੁਕਾਬਲੇ ਨਾਲ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਉਸੇ ਦਿਨ ਹੀ ਸ਼ਾਮ 4.00 ਵਜੇ ਤੋਂ ਬਾਅਦ ਐਲਾਨ ਕੀਤੇ ਜਾ ਸਕਦੇ ਹਨ।
ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਕਲੱਬ ਦੇ ਮੈਨੇਜਰ ਕੋਲੋਂ ਸਲਾਨਾ ਫੀਸ ਅਤੇ ਨੋ-ਡਿਊਜ਼ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ ਅਤੇ ਨਾਮਜ਼ਦਗੀ ਫਾਰਮ ਜਮਾਂ ਕਰਨ ਮੌਕੇ ਬਤੌਰ 800 ਰੁਪਏ ਦੀ ਨਾ-ਮੋੜਨਯੋਗ ਰਾਸ਼ੀ ਬਤੌਰ ਫੀਸ ਲਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਵੋਟ ਪਾਉਣ ਦੇ ਅਧਿਕਾਰ ਲਈ ਕਲੱਬ ਦੇ ਮੈਂਬਰਾਂ ਨੂੰ ਆਪਣੇ ਬਣਦੇ ਸਾਰੇ ਬਕਾਏ ਮਿਤੀ 3 ਅਪ੍ਰੈਲ 2026 ਨੂੰ ਸਵੇਰੇ 12.00 ਵਜੇ ਤੱਕ ਕਲੀਅਰ ਕਰਨੇ ਜ਼ਰੂਰੀ ਹੋਣਗੇ। ਪ੍ਰੈਸ ਕਲੱਬ ਦੀ ਚੋਣ ਲੜਨ ਵਾਲਾ ਉਮੀਦਵਾਰ ਦੂਸਰੇ ਚੋਣ ਲੜਨ ਵਾਲੇ ਉਮੀਦਵਾਰ ਦਾ ਨਾਂ ਪ੍ਰਪੋਜ਼ ਭਾਵ ਆਪਸ ਦੇ ਵਿਚ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕਰ ਸਕੇਗਾ ਅਤੇ ਕਲੱਬ ਦਾ ਯੋਗ ਮੈਂਬਰ ਕੇਵਲ ਇਕ ਹੀ ਉਮੀਦਵਾਰ ਦਾ ਨਾਮ ਪ੍ਰਪੋਜ਼ ਕਰ ਸਕੇਗਾ।