Breaking News
Smart Media Dashmesh Mohali Walk Smart Media Insurance Point Hardev Singh Ubha

T20 WC: ਪਾਕਿਸਤਾਨ ਟੀਮ, ਸ੍ਰੀਲੰਕਾ ਨੂੰ ਹਰਾ ਕੇ ਵੀ ਵਿਸ਼ਵ ਕੱਪ ‘ਚੋਂ ਹੋਈ ਬਾਹਰ

ਨਿਊਜ਼ੀਲੈਂਡ ਟੀਮ ਨੇ ਕੀਤਾ ਸੈਮੀਫਾਈਨਲ ਲਈ ਕੁਆਲੀਫਾਈ

ਸ੍ਰੀਲੰਕਨ ਟੀਮ ਨੇ ਪਾਕਿ ਟੀਮ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ

ਪੱਲੇਕੇਲੇ, 28 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਸ਼੍ਰੀਲੰਕਾ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿਖੇ ਪਾਕਿਸਤਾਨ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਗਏ ਗਰੁੱਪ 2 ਦੇ ਸੁਪਰ-8 ਦੇ ਆਖਰੀ ਮੈਚ ਵਿੱਚ ਪਾਕਿਸਤਾਨ ਨੇ ਸ੍ਰੀਲੰਕਾਈ ਟੀਮ ਨੂੰ 5 ਦੌੜਾਂ ਨਾਲ ਹਰਾ ਦਿੱਤਾ ਪਰ ਪਾਕਿਸਤਾਨ ਮੈਚ ਜਿੱਤ ਕੇ ਵੀ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ ਅਤੇ ਟੂਰਨਾਮੈਂਟ ‘ਚੋਂ ਬਾਹਰ ਹੋ ਗਈ, ਜਦਕਿ ਸ੍ਰੀਲੰਕਾ ਪਹਿਲਾਂ ਹੀ ਟੂਰਨਾਮੈਂਟ ‘ਚੋਂ ਬਾਹਰ ਹੋ ਚੁੱਕੀ ਸੀ।

ਸ਼੍ਰੀਲੰਕਾ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 176 ਦੌੜਾਂ ਜੋੜੀਆਂ, ਜਿਸ ਵਿੱਚ ਸਾਹਿਬਜ਼ਾਦਾ ਫਰਹਾਨ (100) ਨੇ ਟੂਰਨਾਮੈਂਟ ਵਿੱਚ ਆਪਣਾ ਦੂਜਾ ਸੈਂਕੜਾ ਜੜਿਆ ਜਦਕਿ ਪਹਿਲੀ ਵਾਰ ਓਪਨਿੰਗ ਕਰਨ ਆਏ ਬੱਲੇਬਾਜ ਫਖਰ ਜਮਾਨ ਨੇ ਮਹਿਜ਼ 42 ਦੌੜਾਂ ਵਿੱਚ 84 ਦੌੜਾਂ ਬਣਾਈਆਂ। ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੇ ਬੱਲੇਬਾਜ, ਸ੍ਰੀਲੰਕਾਈ ਗੇਂਦਬਾਜਾਂ ਦਾ ਸਾਹਮਣਾ ਨਹੀਂ ਕਰ ਸਕੇ ਅਤੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ ਪਾਕਿ ਟੀਮ 212 ਦੌੜਾਂ ਹੀ ਬਣਾ ਸਕੀ।

ਇਸ ਦੌਰਾਨ ਸ੍ਰੀਲੰਕਨ ਗੇਦਬਾਜ਼ ਮਧੂਸ਼ੰਕਾ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ ਜਦਕਿ ਕਪਤਾਨ ਦਸ਼ੁਨ ਸ਼ਨੰਕਾ ਨੇ 2 ਵਿਕਟਾਂ ਝਟਕਾਈਆਂ ਅਤੇ ਬਾਕੀ ਕੋਈ ਵੀ ਗੇਂਦਬਾਜ਼ ਜਿਆਦਾ ਪ੍ਰਭਾਵ ਨਹੀਂ ਪਾ ਸਕਿਆ।

ਪਾਕਿਸਤਾਨ ਵੱਲੋਂ ਜਿੱਤ ਲਈ ਮਿੱਥੇ 213 ਦੌੜਾਂ ਦਾ ਪਿੱਛਾ ਕਰਦਿਆਂ ਸ਼੍ਰੀਲੰਕਨ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸਦੇ ਪਹਿਲੇ 2 ਖਿਡਾਰੀ 4.1 ਓਵਰਾਂ ਵਿੱਚ ਮਹਿਜ 33 ਦੌੜਾਂ ਤੇ ਆਊਟ ਹੋ ਗਏ। ਉਪਰੰਤ ਚਰਿਥ ਅਸਾਲੰਕਾ ਅਤੇ ਪਵਨ ਦਰਮਿਆਨ 52 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ ਅਤੇ 75 ਦੇ ਸਕੋਰ ਤੇ ਸ੍ਰੀਲੰਕਾਈ ਟੀਮ ਦਾ ਤੀਜਾ ਵਿਕਟ ਡਿੱਗਿਆ। ਪਵਨ ਨੇ 33 ਗੇਦਾਂ ਵਿੱਚ ਮਹੱਤਵਪੂਰਨ 58 ਦੌੜਾਂ ਜੋੜੀਆਂ ਪਰ ਉਸ ਤੋਂ ਬਾਅਦ ਕਮਿੰਡੂ ਮੈਂਡਿਸ ਅਤੇ ਜਨਿਥ ਲੀਆਨਾਗੇ ਜਲਦੀ ਆਊਟ ਹੋ ਗਏ। ਅਖੀਰ ਕਪਤਾਨ ਦਸ਼ੁਨ ਨਸ਼ੰਕਾ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਮਹਿਜ 31 ਗੇਦਾਂ ਵਿੱਚ ਮਹੱਤਵਪੂਰਨ 76 ਦੌੜਾਂ ਜੋੜੀਆਂ ਜਿਸ ਵਿੱਚ 8 ਛੱਕੇ ਤੇ 2 ਚੌਕੇ ਸ਼ਾਮਿਲ ਹਨ ਪਰ ਉਹ ਅਖੀਰ ਵਿੱਚ ਸ੍ਰੀਲੰਕਾ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਅਤੇ ਟੀਮ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ ਮਹਿਜ 207 ਦੌੜਾਂ ਹੀ ਬਣਾ ਸਕੀ।

ਪਾਕਿਸਤਾਨ ਵੱਲੋਂ ਸਭ ਤੋਂ ਸਫਲ ਗੇਂਦਬਾਜ਼ ਸਪਿਨਰ ਅਬਰਾਰ ਅਹਿਮਦ ਰਹੇ, ਜਿਸ ਨੇ 23 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ, ਜਦਕਿ ਸ਼ਾਹੀਨ ਅਫਰੀਦੀ, ਨਸ਼ੀਮ ਸ਼ਾਹ ਅਤੇ ਮੁਹੰਮਦ ਨਵਾਜ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ।

ਇਸ ਤਰ੍ਹਾਂ ਪਾਕਿਸਤਾਨ ਟੀਮ ਮੈਚ ਜਿੱਤ ਕੇ ਵੀ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਅਤੇ ਨਿਊਜ਼ੀਲੈਂਡ ਦੇ ਬਰਾਬਰ 3-3 ਅੰਕ ਹੋਣ ਦੇ ਬਾਵਜੂਦ, ਨਿਊਜ਼ੀਲੈਂਡ ਬਿਹਤਰ ਰਨ-ਰੇਟ ਸਦਕਾ ਸੈਮੀਫਾਈਨਲ ਵਿੱਚ ਪਹੁੰਚ ਗਈ।

Leave a Reply

Your email address will not be published. Required fields are marked *