
ਸੂਬੇ ਦੇ ਸਰਵਪੱਖੀ ਵਿਕਾਸ ਨੇ ਫੜੀ ਹੋਰ ਤੇਜ਼ੀ: ਕੁਲਵੰਤ ਸਿੰਘ
ਮੋਹਾਲੀ, 26 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਮੁੱਖ ਮੰਤਰੀ ਤੀਰਥ ਬੱਸ ਯੋਜਨਾ ਦੇ ਤਹਿਤ ਵਿਧਾਇਕ ਮੋਹਾਲੀ -ਕੁਲਵੰਤ ਸਿੰਘ ਵੱਲੋਂ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਫੇਜ਼ -4 ਤੋਂ 7ਵੀਂ ਬੱਸ ਰਵਾਨਾ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ 7ਵੀਂ ਬੱਸ ਯਾਤਰਾ ਦੇ ਲਈ ਰਵਾਨਾ ਕੀਤੀ ਗਈ ਹੈ। ਤੀਰਥ ਯਾਤਰਾ ਨੂੰ ਲੈ ਕੇ ਸੰਗਤਾਂ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੇਖਿਆ ਹੀ ਬਣਦਾ ਹੈ ਅਤੇ ਸਾਨੂੰ ਵੀ ਇਸ ਗੱਲ ਵਿੱਚ ਬੜੀ ਤਸੱਲੀ ਅਤੇ ਸਕੂਨ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਇਸ ਯਾਤਰਾ ਦੇ ਦੌਰਾਨ ਦੋ ਰਾਤਾਂ ਅਤੇ ਤਿੰਨ ਦਿਨ ਦੇ ਵਿੱਚ ਸ਼ਰਧਾਲੂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਦੁਰਗਿਆਨਾ ਮੰਦਰ, ਵਾਹਘਾ ਬਾਰਡਰ, ਰਾਮ ਤੀਰਥ ਵਾਲਮੀਕ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤਣਗੇ। ਉਹਨਾਂ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਲੀਆਂ ਸੰਗਤ ਦੀਆਂ ਮਨੋਕਾਮਨਾਵਾਂ ਪਰਮਾਤਮਾ ਪੂਰੀਆਂ ਕਰੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਰਮਾਤਮਾ ਹੋਰ ਬਲ ਅਤੇ ਸ਼ਕਤੀ ਬਖਸ਼ੇ ਤਾਂ ਕਿ ਉਹ ਇਸ ਤੋਂ ਵੀ ਅਗਾਂਹ ਜਾ ਕੇ ਲੋਕਾਂ ਦੀ ਸੇਵਾ ਕਰ ਸਕਣ।
ਇਸ ਮੌਕੇ ਸਟੇਟ ਐਵਾਰਡੀ-ਫੂਲਰਾਜ ਸਿੰਘ -ਹਲਕਾ ਕੋਆਰਡੀਨੇਟਰ, ਸਾਬਕਾ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੁਰਮੁਖ ਸਿੰਘ ਸੋਹਲ, ਅਮਰਜੀਤ ਸਿੰਘ , ਹਰਭਜਨ ਸਿੰਘ, ਗੁਰਵਿੰਦਰ ਸਿੰਘ ਪਿੰਕੀ, ਸ਼ਰਨਜੀਤ ਕੌਰ ਬਲਾਕ ਪ੍ਰਦਾਨ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ ਢਿੱਲੋ, ਸਰਬਜੀਤ ਸਿੰਘ, ਦਿਆਲ ਸਿੰਘ ਵੀ ਹਾਜ਼ਰ ਸਨ।