Breaking News
Dashmesh GS Electricals Verka Smart Media Insurance Point Tav Prasad

T-20 ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ

ਟੀਮ ਇੰਡੀਆ ਨੇ ਸੁਪਰ-8 ਲਈ ਕੀਤਾ ਕੁਆਲੀਫਾਈ 

ਈਸ਼ਾਨ ਕਿਸ਼ਨ (77) ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ

ਕੋਲੰਬੋ/ਚੰਡੀਗੜ੍ਹ, 15 ਫਰਵਰੀ, ਮਨਜੀਤ ਸਿੰਘ ਚਾਨਾ :

ਅੱਜ ਕੋਲੰਬੋ ਦੇ ਆਰ. ਪਰੇਮਦਾਸਾ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਭਾਰਤ ਤੇ ਪਾਕਿਸਤਾਨ ਵਿਚਾਲੇ ਇਕ ਅਹਿਮ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੁਪਰ-8 ਵਿੱਚ ਸ਼ਾਨਦਾਰ ਦਾਖਲਾ ਕਰ ਲਿਆ। ਇਸ ਇੱਕਤਰਫਾ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਹਰ ਵਿਭਾਗ ਵਿੱਚ ਬਿਹਤਰ ਪ੍ਰਦਰਸ਼ਨ ਕਰਦਿਆਂ ਆਪਣਾ ਜੇਤੂ ਅਭਿਆਨ 7-1 ਤੋਂ 8-1 ਕਰ ਲਿਆ।

ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ, ਜਿਸ ਦੌਰਾਨ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤੀ ਪਾਰੀ ਦਾ ਕੇਂਦਰਬਿੰਦੂ ਰਹੇ ਈਸ਼ਾਨ ਕਿਸ਼ਨ ਨੇ ਸਿਰਫ 40 ਗੇਂਦਾਂ ‘ਚ 3 ਸ਼ਾਨਦਾਰ ਛੱਕਿਆਂ ਅਤੇ 10 ਚੌਕਿਆਂ ਦੀ ਮੱਦਦ 77 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਨਾਲ ਮੈਚ ਦਾ ਰੁਖ ਸਪੱਸ਼ਟ ਤੌਰ ‘ਤੇ ਭਾਰਤ ਦੇ ਪੱਖ ਵਿਚ ਹੋ ਗਿਆ। ਉਹਨਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ ਦੀ ਮੈਚ ਐਲਾਨਿਆ ਗਿਆ।

ਭਾਰਤ ਵੱਲੋਂ ਜਿੱਤ ਲਈ ਮਿੱਥੇ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ ਅਤੇ ਉਸਦੀਆਂ ਪਾਵਰਪਲੇ ਦੇ 6 ਓਵਰਾਂ ਵਿੱਚ ਹੀ 4 ਮਹੱਤਵਪੂਰਨ ਵਿਕਟਾਂ ਡਿੱਗ ਗਈਆਂ, ਜਿਸ ਨਾਲ ਟੀਮ ਬੈਕਫੁਟ ‘ਤੇ ਚਲੀ ਗਈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁੰਮਰਾ ਨੇ ਆਪਣੇ ਇਕ ਹੀ ਓਵਰ ਵਿੱਚ ਹੀ 2 ਵਿਕਟਾਂ ਲੈ ਕੇ ਵਿਰੋਧੀ ਟੀਮ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਜਦਕਿ ਹਾਰਦਿਕ ਪਾਂਡਿਆ ਨੇ ਆਪਣੇ ਪਹਿਲੇ ਅਤੇ ਆਖਰੀ ਓਵਰ ਵਿਚ 1-1 ਵਿਕਟ ਹਾਸਲ ਕੀਤੀ। ਇਸ ਤੋਂ ਇਲਾਵਾ ਭਾਰਤੀ ਸਪਿਨਰਾਂ ਨੇ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਅਕਸਰ ਪਟੇਲ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਅਹਿਮ ਵਿਕਟਾਂ ਪ੍ਰਾਪਤ ਕੀਤੀਆਂ।  ਪਾਰਟ-ਟਾਈਮ ਸਪਿਨਰ ਤਿਲਕ ਵਰਮਾ ਨੇ ਵੀ ਦੋ ਓਵਰਾਂ ਵਿੱਚ 11 ਦੌੜਾਂ ਦੇ ਕੇ ਇੱਕ ਵਿਕਟ ਲੈ ਕੇ ਜਿੱਤ ਵਿੱਚ ਆਪਣਾ ਯੋਗਦਾਨ ਪਾਇਆ।

ਉਪਰੰਤ ਵਿਸ਼ਵ ਦੇ ਨੰਬਰ 1 ਸਪਿਨਰ ਵਰੁਣ ਚੱਕਰਵਰਤੀ ਨੇ ਮੱਧ ਓਵਰਾਂ ਦੌਰਾਨ ਆਪਣੇ ਤੀਜੇ ਓਵਰ ਅਤੇ ਪਾਕਿਸਤਾਨੀ ਪਾਰੀ ਦੇ 16ਵੇਂ ਓਵਰ ਵਿੱਚ ਲਗਾਤਾਰ ਦੋ ਵਿਕਟਾਂ ਝਟਕਾ ਕੇ ਮੈਚ ‘ਤੇ ਪੂਰਾ ਕਾਬੂ ਕਰ ਲਿਆ। ਉਸ ਵੇਲੇ ਪਾਕਿਸਤਾਨ ਦਾ ਸਕੋਰ 97 ਦੌੜਾਂ ‘ਤੇ 9 ਵਿਕਟਾਂ ਸੀ। ਅਖ਼ਿਰਕਾਰ ਪਾਕਿਸਤਾਨ ਦੀ ਪੂਰੀ ਟੀਮ 18 ਓਵਰਾਂ ਵਿਚ ਮਹਿਜ਼ 114 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 61 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਵੱਲੋਂ ਉਸਮਾਨ ਖਾਂ ਨੇ 34 ਗੇਂਦਾਂ ‘ਚ 44 ਦੌੜਾਂ ਦੀ ਲੜਾਕੂ ਪਾਰੀ ਖੇਡੀ, ਜਦਕਿ ਸ਼ਾਹੀਨ ਅਫਰੀਦੀ ਨੇ 19 ਗੇਂਦਾਂ ‘ਚ 23 ਦੌੜਾਂ ਬਣਾ ਕੇ ਨਾਬਾਦ ਰਹੇ, ਪਰ ਹੋਰ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਨਾ ਕਰ ਸਕਿਆ।

ਇਸ ਤੋਂ ਇਲਾਵਾ ਮੱਧਕ੍ਰਮ ਵਿੱਚ ਤਿਲਕ ਵਰਮਾ ਨੇ 24 ਗੇਂਦਾਂ ‘ਚ 25 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ, ਜਦਕਿ ਕਪਤਾਨ ਸੂਰਿਆ ਕੁਮਾਰ ਨੇ 28 ਗੇਂਦਾਂ ‘ਚ 32 ਮਹੱਤਵਪੂਰਨ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ 17 ਗੇਂਦਾਂ ਵਿਚ ਮਹੱਤਵਪੂਰਨ 27 ਦੌੜਾਂ ਜੋੜੀਆਂ। ਅਖ਼ੀਰ ਵਿਚ ਰਿੰਕੂ ਸਿੰਘ ਨੇ 4 ਗੇਂਦਾਂ ਵਿਚ 11 ਦੌੜਾਂ ਬਣਾਈਆਂ।

ਇਸ ਦਮਦਾਰ ਜਿੱਤ ਨਾਲ ਭਾਰਤ ਨੇ ਨਾ ਸਿਰਫ ਸੁਪਰ-8 ਲਈ ਕੁਆਲੀਫਾਈ ਕੀਤਾ, ਸਗੋਂ ਟੂਰਨਾਮੈਂਟ ਵਿੱਚ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰ ਦਿੱਤੀ ਹੈ।

Leave a Reply

Your email address will not be published. Required fields are marked *