Breaking News
Dashmesh GS Electricals Verka Smart Media Insurance Point Tav Prasad

ਐਚਿਸਨ ਕਾਲਜ ਲਾਹੌਰ ਦੇ ਗੁਰਦੁਆਰਾ ਸਾਹਿਬ ‘ਚ 80 ਸਾਲਾਂ ਬਾਅਦ ਹੋਈ ਸਿੱਖ ਅਰਦਾਸ ਅਤੇ ਸ਼ਬਦ ਕੀਰਤਨ

ਚੰਡੀਗੜ੍ਹ, 13 ਫ਼ਰਵਰੀ, ਪੰਜਾਬੀ ਦੁਨੀਆ ਬਿਊਰੋ :

ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਵਿੱਚ ਸ਼ੁੱਕਰਵਾਰ, 13 ਫ਼ਰਵਰੀ ਨੂੰ ਇਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਕਰਵਾਇਆ ਅਤੇ ਅਰਦਾਸ ਕੀਤੀ ਗਈ। ਇਸ ਧਾਰਮਿਕ ਅਤੇ ਗੌਰਵਮਈ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ।

ਇਹ ਜਾਣਕਾਰੀ ਦਿੰਦਿਆਂ ਡਾ. ਤਰੁਣਜੀਤ ਸਿੰਘ ਬੁਤਾਲੀਆ, ਜਿਨ੍ਹਾਂ ਨੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ, ਨੇ ਦੱਸਿਆ ਕਿ ਸਥਾਨਕ ਰਾਗੀ ਜਥੇ ਵਿੱਚ ਸ਼ਾਮਲ ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ ਅਤੇ ਦਲੀਪ ਸਿੰਘ ਵੱਲੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਸਾਲ 1947 ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਕਮੀ ਕਾਰਨ ਇਹ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਸੀ ਪਰ ਇਸ ਦੀ ਦੇਖਭਾਲ ਕਾਲਜ ਪ੍ਰਸ਼ਾਸਨ ਵੱਲੋਂ ਨਿਰੰਤਰ ਕੀਤੀ ਜਾਂਦੀ ਰਹੀ। ਇਹ ਵਿਸ਼ੇਸ਼ ਸ਼ਬਦ ਕੀਰਤਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਨੀਂਹ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਪ੍ਰਮੁੱਖ ਪਰਿਵਾਰਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੱਖੀ ਗਈ ਸੀ।

ਰਿਕਾਰਡ ਅਨੁਸਾਰ ਐਚਿਸਨ ਦੇ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਤੱਤਕਾਲੀਨ ਮੇਯੋ ਸਕੂਲ ਆਫ ਆਰਟਸ (ਮੌਜੂਦਾ ਨੈਸ਼ਨਲ ਕਾਲਜ ਆਫ ਆਰਟਸ) ਦੇ ਪ੍ਰਸਿੱਧ ਸਿੱਖ ਵਾਸਤੂਕਾਰ ਸਰਦਾਰ ਰਾਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ।

ਡਾ. ਬੁਤਾਲੀਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨੀਂਹ 1910 ਵਿੱਚ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਵੱਲੋਂ ਰੱਖੀ ਗਈ ਸੀ। ਉਹ ਖੁਦ 1904 ਤੋਂ 1908 ਤੱਕ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ। ਇਸ ਤੋਂ ਅਗਲੇ ਦੋ ਸਾਲਾਂ ਵਿੱਚ ਗੁਰਦੁਆਰਾ ਭਵਨ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਇਸਨੂੰ ਇਕ ਸਰਗਰਮ ਧਾਰਮਿਕ ਸਥਾਨ ਵਜੋਂ ਸਮਰਪਿਤ ਕੀਤਾ ਗਿਆ ਜਿੱਥੇ ਸਿੱਖ ਵਿਦਿਆਰਥੀ ਰੋਜ਼ਾਨਾ ਸ਼ਾਮ ਨੂੰ ਸ਼ਬਦ ਕੀਰਤਨ ਅਤੇ ਅਰਦਾਸ ਵਿੱਚ ਹਿੱਸਾ ਲੈਂਦੇ ਸਨ।

ਵਰਤਮਾਨ ਵਿੱਚ ਐਚਿਸਨ ਕਾਲਜ ਦੇ ਲਗਭਗ 15 ਸਿੱਖ ਪੁਰਾਣੇ ਵਿਦਿਆਰਥੀ ਭਾਰਤ ਵਿੱਚ ਰਹਿੰਦੇ ਹਨ। ਉਨ੍ਹਾਂ ਨਾਲ ਕੀਤੀਆਂ ਗੱਲਬਾਤਾਂ ਦੌਰਾਨ ਉਨ੍ਹਾਂ ਨੇ ਕਾਲੇ ਅਤੇ ਚਿੱਟੇ ਸੰਗਮਰਮਰ ਦੀ ਫਰਸ਼ ਅਤੇ ਕਿਲ੍ਹੇ ਵਰਗੀ ਅੰਦਰੂਨੀ ਬਣਾਵਟ ਵਾਲੇ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਦੁਆਰੇ ਤੋਂ ਇਲਾਵਾ ਕਾਲਜ ਦੇ ਅਹਾਤੇ ਵਿੱਚ ਵੰਡ ਤੋਂ ਪਹਿਲਾਂ ਦੀ ਇੱਕ ਮਸਜਿਦ ਅਤੇ ਇੱਕ ਹਿੰਦੂ ਮੰਦਰ ਵੀ ਇਸ ਵੇਲੇ ਮੌਜੂਦ ਹੈ।

Leave a Reply

Your email address will not be published. Required fields are marked *