
ਮੋਹਾਲੀ, 28 ਜਨਵਰੀ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ 26 ਜਨਵਰੀ ਨੂੰ ਮਨਾਏ ਗਏ 77ਵੇਂ ਗਣਤੰਤਰ ਦਿਵਸ ਤੇ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ, ਚੇਅਰਮੈਨ ਹਰਸ਼ਦੀਪ ਸਿੰਘ ਸਰਾਂ, ਸਲਾਹਕਾਰ ਹਰਿੰਦਰ ਪਾਲ ਸਿੰਘ ਹੈਰੀ, ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੂੰ ਸਮਾਜ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਦੇ ਖੇਤਰ ਵਿੱਚ ਕੀਤੀ ਗਈ ਵਡਮੁੱਲੀ ਸੇਵਾ ਦੀ ਮਹੱਤਤਾ ਵਜੋਂ ਸਤਿਕਾਰਯੋਗ ਸ਼੍ਰੀ ਮੋਹਿੰਦਰ ਭਗਤ ਜੀ ਕੈਬਨਿਟ ਮੰਤਰੀ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਡਿਪਟੀ ਕਮਿਸ਼ਨਰ, ਐਸ ਐਸ ਪੀ ਅਤੇ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਨੇ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਕਿਹਾ ਕਿ ਸੁਸਾਇਟੀ ਪਿਛਲੇ 20 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਅਤੇ ਵਾਤਾਵਰਨ ਸੰਭਾਲ ਲਈ ਕੰਮ ਕਰ ਰਹੀ ਹੈ। ਸੁਸਾਇਟੀ ਵੱਲੋਂ ਕੀਤੇ ਕੰਮਾਂ ਵਿੱਚ ਖੂਨਦਨ ਕੈਂਪ ਲਾਉਣੇ, ਮੈਡੀਕਲ ਕੈਂਪ ਲਾਉਣੇ, ਨਸ਼ਿਆਂ ਵਿਰੁੱਧ ਪ੍ਰਚਾਰ ਕਰਨਾ, ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣਾ, ਫਲਦਰ ਤੇ ਛਾਦਰ ਪੌਦੇ ਲਗਾਉਣੇ ਅਤੇ ਲੱਗੇ ਦਰਖਤਾਂ ਦੀ ਸੰਭਾਲ ਕਰਨਾ ਮੁੱਖ ਹਨ। ਸੁਸਾਇਟੀ ਨੇ ਮੁਹਾਲੀ ਦੇ ਆਲੇ ਦੁਆਲੇ 12 ਸਕੂਲਾਂ ਨੂੰ ਗੋਦ ਲਿਆ ਹੋਇਆ। ਇਹਨਾਂ ਸਕੂਲਾਂ ਵਿੱਚ ਪੜਦੇ ਲੋੜਵੰਦ ਬੱਚਿਆਂ ਦੀ ਮਾਇਕ ਸਹਾਇਤਾ ਵੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਨ ਲਈ ਧੰਨਵਾਦ ਕਰਦੇ ਹੋਏ ਸਲਾਹਕਾਰ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਇਸ ਸਨਮਾਨ ਨਾਲ ਸਾਨੂੰ ਸਮਾਜ ਸੇਵਾ ਅਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਹੋਰ ਵੀ ਕੰਮ ਕਰਨ ਦਾ ਹੌਸਲਾ ਮਿਲਦਾ ਹੈ। ਇਸ ਤੋਂ ਪਹਿਲਾਂ ਵੀ ਗਮਾਡਾ ਤੇ ਨਗਰ ਨਿਯਮ ਵੱਲੋਂ ਸੁਸਾਈਟੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।