
ਉੱਭਾ ਨੇ ਵਿਦਿਆਰਥੀ ਮੰਗਾਂ ਦਾ ਕੀਤਾ ਸਮਰਥਨ ਅਤੇ ਸੈਨੇਟ ਚੋਣਾਂ ਦੇ ਜਲਦੀ ਐਲਾਨ ਦੀ ਕੀਤੀ ਮੰਗ
ਕਿਹਾ, ਇਸ ਮੁੱਦੇ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਅਤੇ ਸਿੱਖ ਸਮਾਜ ਲਈ ਕੀਤੇ ਕੰਮਾਂ ‘ਤੇ ਪਾਣੀ ਫੇਰਣ ਦਾ ਕੰਮ ਕੀਤਾ
ਚੰਡੀਗੜ੍ਹ, 25 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਧਰਨੇ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੀਯੂ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਨਿੱਜੀ ਤੌਰ ਤੇ ਉਨ੍ਹਾਂ ਦਾ ਸਮਰਥਨ ਕਰਦੇ ਹਨ। ਨਾਲ ਹੀ ਉਹਨਾਂ ਪੀਯੂ ਸੈਨੇਟ ਚੋਣਾਂ ਤੁਰੰਤ ਕਰਵਾਉਣ ਦੇ ਐਲਾਨ ਦੀ ਵੀ ਮੰਗ ਕੀਤੀ। ਉਨ੍ਹਾਂ ਪੀਯੂ ਪ੍ਰਸ਼ਾਸਨ ਨੂੰ ਵਿਦਿਆਰਥੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇਹ ਮਸਲਾ ਜਲਦ ਹੱਲ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਜਿੰਦ-ਜਾਨ ਹੈ, ਇਸ ਨਾਲ ਲੱਖਾਂ ਪੰਜਾਬੀਆਂ ਦੇ ਜਜ਼ਬਾਤ ਜੁੜੇ ਹੋਏ ਹਨ, ਅਤੇ ਦੁਨੀਆ ਦੀ ਕੋਈ ਵੀ ਤਾਕਤ ਪੀਯੂ ਨੂੰ ਪੰਜਾਬ ਤੋਂ ਵੱਖ ਨਹੀਂ ਕਰ ਸਕਦੀ।
ਉੱਭਾ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਦਾ ਸੈਨੇਟ ਵਿੱਚ ਫੇਰਬਦਲ ਦਾ ਫੈਸਲਾ ਭਾਜਪਾ ਲਈ ਬਹੁਤ ਚਿੰਤਾਜਨਕ ਸੀ। ਇਸ ਮੁੱਦੇ ਨੇ ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਪੰਜਾਬ ਅਤੇ ਸਿੱਖ ਸਮਾਜ ਲਈ ਕੀਤੇ ਇਤਿਹਾਸਕ ਕੰਮਾਂ ‘ਤੇ ਪਾਣੀ ਫੇਰਣ ਦਾ ਕੰਮ ਕੀਤਾ ਹੈ। ਇਸ ਫੈਸਲੇ ਦਾ ਭਾਜਪਾ ਦੇ ਰਾਜਨੀਤਕ ਵਿਰੋਧੀਆਂ ਨੇ ਫਾਇਦਾ ਲੈ ਕੇ ਭਾਜਪਾ ਨੂੰ ਪੰਜਾਬ ਵਿਰੋਧੀ ਦਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉੱਭਾ ਨੇ ਸ਼ੱਕ ਜਾਹਿਰ ਕੀਤੀ ਕਿ ਕਿਤੇ ਇਹ ਪੰਜਾਬ ਭਾਜਪਾ ਦੀ ਦਿਨੋਂ-ਦਿਨ ਵਧ ਰਹੀ ਲੋਕਪ੍ਰਿਅਤਾ ਖਿਲਾਫ ਕੋਈ ਸਾਜਿਸ਼ ਤਾਂ ਨਹੀਂ ਹੈ?
ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਮੁੱਦਾ ਕਾਂਗਰਸ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਭਗਵੰਤ ਮਾਨ ਸਰਕਾਰ ਨੇ ਵੀ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੀਯੂ ਨੂੰ ਬਣਦਾ ਫੰਡ ਮੁਹੱਈਆ ਨਹੀ ਕਰਵਾਇਆ, ਨਾ ਹੀ ਕਦੇ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਵਿੱਚ ਜਾਣ ਦੀ ਖੇਚਲ ਕੀਤੀ।