Breaking News
Smart Media Dashmesh Mohali Walk Smart Media Insurance Point Hardev Singh Ubha

CPI ਦੇ ਕਾਮਰੇਡ ਜਸਪਾਲ ਸਿੰਘ ਦੱਪਰ ਦੂਜੀ ਵਾਰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣੇ ਗਏ

ਮੋਹਾਲੀ, 23 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈI) ਜ਼ਿਲ੍ਹਾ ਮੋਹਾਲੀ ਦਾ ਡੈਲੀਗੇਟ ਇਜਲਾਸ, ਫੇਜ਼-6, ਮੋਹਾਲੀ ਸਥਿਤ ਪਾਰਟੀ ਦਫ਼ਤਰ ਵਿਖੇ ਉਤਸ਼ਾਹਪੂਰਵਕ ਮਾਹੌਲ ਵਿੱਚ ਹੋਇਆ। ਇਜਲਾਸ ਦੀ ਸ਼ੁਰੂਆਤ ਕਾਮਰੇਡ ਕਰਮਚੰਦ ਘੋਲੂਮਜਰਾ ਅਤੇ ਕਾਮਰੇਡ ਬਚਨ ਰਾਮ ਦੱਪਰ ਵੱਲੋਂ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਬ੍ਰਿਜ ਮੋਹਨ ਖਰੜ, ਨਸੀਬ ਸਿੰਘ, ਭਾਗ ਸਿੰਘ ਗਿਗੇ ਮਾਜਰਾ ਅਤੇ ਕਾਮਰੇਡ ਮਹਿੰਦਰ ਪਾਲ ਸਿੰਘ ਸ਼ਾਮਲ ਸਨ ਜਦਕਿ ਸੂਬਾ ਕਮੇਟੀ ਤੋਂ ਕਾਮਰੇਡ ਦੇਵੀ ਕੁਮਾਰੀ ਅਤੇ ਕਾਮਰੇਡ ਬੰਤ ਸਿੰਘ ਬਰਾੜ (ਸਟੇਟ ਸਕੱਤਰ, ਪੰਜਾਬ) ਨੇ ਆਬਜ਼ਰਵਰ ਵਜੋਂ ਸ਼ਿਰਕਤ ਕੀਤੀ।

ਸਭ ਤੋਂ ਪਹਿਲਾਂ ਸ਼ੋਕ ਮਤਾ ਰੱਖ ਕੇ ਵਿਛੜ ਚੁੱਕੇ ਸਾਥੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਪਰੰਤ ਕਾਮਰੇਡ ਦੇਵੀ ਕੁਮਾਰੀ ਨੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਅੱਜ ਦੇਸ਼ ਗੰਭੀਰ ਮੁਸੀਬਤਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ‘ਤੇ ਆਪਣੇ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਮਿਹਨਤਕਸ਼ ਲੋਕਾਂ ਦਾ ਗਲਾ ਘੁੱਟਣ ਅਤੇ ਅਮੀਰ-ਗ਼ਰੀਬ ਦਾ ਪਾੜਾ ਹੋਰ ਡੂੰਘਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਫਾਸ਼ੀਵਾਦੀ ਹਮਲਿਆਂ ਵਿੱਚ ਵਾਧੇ ਅਤੇ ਬੁੱਧੀਜੀਵੀਆਂ ਤੇ ਵਿਰੋਧੀ ਲੀਡਰਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੀ ਸਖ਼ਤ ਨਿੰਦਾ ਕੀਤੀ।

ਕਾਮਰੇਡ ਬੰਤ ਸਿੰਘ ਬਰਾੜ ਨੇ ਦੇਸ਼ ਅਤੇ ਪੰਜਾਬ ਦੇ ਸਮੂਹ ਕਿਰਤੀ ਵਰਗ ਦੇ ਹੱਕਾਂ ‘ਤੇ ਮਾਰੂ ਹਮਲੇ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾਂ ਨੂੰ ਕਿਰਤੀਆਂ ਦੇ ਹੱਕਾਂ ‘ਤੇ ਡਾਕਾ ਕਰਾਰ ਦਿੱਤਾ ਅਤੇ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਚੰਡੀਗੜ੍ਹ/ਮੋਹਾਲੀ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਅਤੇ ਆਮ ਲੋਕਾਂ ਨਾਲ ਸਬੰਧਤ ਮਸਲਿਆਂ ਨੂੰ ਇਨ੍ਹਾਂ ਤਾਨਾਸ਼ਾਹੀ ਫੈਸਲਿਆਂ ਦਾ ਨਤੀਜਾ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੇਵਲ ਕਮਿਊਨਿਸਟ ਧਿਰਾਂ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਦਿਨ-ਰਾਤ ਸੰਘਰਸ਼ ਕਰ ਰਹੀਆਂ ਹਨ। ਕਾਮਰੇਡ ਬਰਾੜ ਨੇ ਜ਼ਿਲ੍ਹੇ ਦੇ ਸਾਥੀਆਂ ਨੂੰ ਮੋਹਾਲੀ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਜਾ ਕੇ ਵੱਧ ਤੋਂ ਵੱਧ ਮੈਂਬਰ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਪਾਰਟੀ ਨੂੰ ਹੋਰ ਬਲ ਮਿਲ ਸਕੇ।

ਨਵੀਂ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ: 
ਇਜਲਾਸ ਦੌਰਾਨ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਮੁਤਾਬਕ ਜ਼ਿਲ੍ਹਾ ਸਕੱਤਰ ਦੂਜੀ ਵਾਰ ਕਾਮਰੇਡ ਜਸਪਾਲ ਸਿੰਘ ਦੱਪਰ ਨੂੰ ਚੁਣਿਆ ਗਿਆ। ਸਹਾਇਕ ਸਕੱਤਰ ਕਾਮਰੇਡ ਵਿਨੋਦ ਚੁੱਗ ਅਤੇ ਕਾਮਰੇਡ ਗੁਰਦਿਆਲ ਸਿੰਘ, ਖ਼ਜ਼ਾਨਚੀ  ਅਸ਼ਵਨੀ ਕੁਮਾਰ ਲਾਲੜੂ ਅਤੇ ਦਫ਼ਤਰ ਸੈਕਟਰੀ ਕਾਮਰੇਡ ਜਗਤਾਰ ਸਿੰਘ ਬਟੋਲੀ ਚੁਣਿਆ ਗਿਆ। 

ਨਵੀਂ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕ-ਘੋਲਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਤੋਂ ਇਲਾਵਾ 22 ਮੈਂਬਰੀ ਕੌਂਸਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ 9 ਮੈਂਬਰੀ ਇਜੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ। ਸੂਬਾ ਇਜਲਾਸ ਵਿੱਚ ਭੇਜਣ ਲਈ ਚਾਰ ਡੈਲੀਗੇਟ ਸਰਬਸੰਮਤੀ ਨਾਲ ਚੁਣੇ ਗਏ।

ਇਸ ਮੌਕੇ ਬਲਵਿੰਦਰ ਸਿੰਘ ਜੜੌਤ, ਸੁਰਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਪਾਲ ਸਿੰਘ ਲੋਹਰੀਆ, ਅਵਤਾਰ ਸਿੰਘ ਦੱਪਰ, ਕਵਰ ਪਾਲ ਮੋਹਾਲੀ, ਦਿਲਦਾਰ ਮੋਹਾਲੀ, ਹਰਮੇਲ ਸਿੰਘ ਖਰੜ ਆਦਿ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *