Breaking News
Dashmesh GS Electricals Verka Smart Media Insurance Point Tav Prasad

ਲੈਕਚਰਾਰ ਯੂਨੀਅਨ ਵਲੋਂ ਸੀਨੀਆਰਤਾ ਸੂਚੀਆਂ ਵਿੱਚ ਖ਼ਾਮੀਆਂ ਨੂੰ ਤੁਰੰਤ ਦੂਰ ਕਰਨ ਦੀ ਮੰਗ

ਸੇਵਾ ਨਿਯਮਾਂ ਵਿੱਚ ਸੋਧ ਦੀ ਕੀਤੀ ਸਰਾਹਨਾ

ਮੋਹਾਲੀ, 16 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਅੱਜ ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੇਵਾ ਨਿਯਮਾਂ ਵਿੱਚ ਸੋਧ ਦੀ ਸਰਾਹਨਾ, ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਵਿੱਚ ਖ਼ਾਮੀਆਂ ਅਤੇ ਪੰਜਾਬ ਵਿੱਚ ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲਾਂ ਦਾ ਮੁੱਦਾ ਵਿਚਾਰਿਆ ਗਿਆ।

ਇਸ ਸੰਬੰਧੀ ਸੰਜੀਵ ਕੁਮਾਰ ਨੇ ਕਿਹਾ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈੰਸ ਵੱਲੋਂ ਜਥੇਬੰਦੀ ਨਾਲ 2018 ਦੇ ਪੀ ਈ ਐੱਸ-1 ਦੇ ਕਾਲੇ ਨਿਯਮਾਂ ਵਿੱਚ ਸੋਧ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ 15 ਸਤੰਬਰ ਨੂੰ ਗ਼ਜ਼ਟ ਨੋਟੀਫਿਕੇਸ਼ਨ ਜ਼ਾਰੀ ਕੀਤਾ ਹੈ। ਮੀਟਿੰਗ ਵਿੱਚ ਸਰਬ ਪ੍ਰਵਾਨਿਤ ਰੂਪ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ। ਉਹਨਾਂ ਦੱਸਿਆ ਕਿ ਜੱਥੇਬੰਦੀ ਇਹਨਾਂ ਨਿਯਮਾਂ ਵਿੱਚ ਸੋਧ ਲਈ ਲਗਾਤਾਰ ਸੰਘਰਸ਼ ਕਰ ਰਹੀ ਸੀ। ਉਹਨਾਂ ਦੱਸਿਆ ਕਿ ਇਸ ਸੋਧ ਨਾਲ ਪੰਜਾਬ ਵਿੱਚ ਪ੍ਰਿੰਸੀਪਲਾਂ ਦੀਆਂ ਤਕਰੀਬਨ 1025 ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ ਹੈ। ਇਹਨਾਂ ਖ਼ਾਲੀ ਅਸਾਮੀਆਂ ਵਿੱਚੋਂ ਤਕਰੀਬਨ 700 ਅਸਾਮੀਆਂ ਪ੍ਰਮੋਸ਼ਨ ਕੋਟੇ ਵਿੱਚੋਂ ਭਰੀਆਂ ਜਾ ਸਕਦੀਆਂ ਹਨ।

ਜਥੇਬੰਦੀ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 21 ਅਗਸਤ 2025 ਨੂੰ ਜ਼ਾਰੀ ਕੀਤੀ ਗਈ ਸੀਨੀਆਰਤਾ ਸੂਚੀ ਵਿੱਚ ਵੱਡੇ ਪੱਧਰ ‘ਤੇ ਕਮੀਆਂ ਹਨ, ਜਿਨ੍ਹਾਂ ਵਿੱਚ ਸੀਨੀਆਰਤਾ ਨੰਬਰ ਅਲਾਟ ਨਾ ਹੋਣਾ, ਸਿੱਧੀ ਭਰਤੀ ਲਈ ਸੇਵਾ ਦੀ ਲੰਬਾਈ ਅਤੇ ਬੈਚ ਠੀਕ ਢੰਗ ਨਾਲ਼ ਨਾ ਬਣਾਉਣਾ, ਪ੍ਰਮੋਸ਼ਨ ਸਮੇਂ ਮਾਸਟਰ ਕਾਡਰ ਵਿੱਚ ਡੀ ਬਾਰ ਹੋਏ ਕਰਮਚਾਰੀਆਂ ਦਾ ਧਿਆਨ ਨਾ ਰੱਖਣਾ ਤੇ ਨਾ ਹੀ ਸੂਚੀ ਵਿੱਚ ਦਰਸਾਉਣਾ, ਕਰਮਚਾਰੀ ਵੱਲੋਂ ਮਾਸਟਰ ਡਿਗਰੀ ਦੇ ਸਾਲ ਤੇ ਯੂਨੀਵਰਸਿਟੀ ਨੂੰ ਨਜ਼ਰਅੰਦਾਜ਼ ਕਰਨਾ, ਪ੍ਰਮੋਟਿਡ ਲੈਕਚਰਾਰਾਂ ਦੀ ਸੀਨੀਅਰਤਾ ਸਮੇਂ ਜੰਜੂਆ ਕੇਸ ਦੇ ਫੈਸਲਿਆਂ ਨੂੰ ਲਾਗੂ ਨਾ ਕਰਨਾ ਅਤੇ ਹੋਰ ਬਹੁਤ ਸਾਰੀਆਂ ਘਾਟਾਂ ਜਿਨ੍ਹਾਂ ਸੰਬੰਧੀ ਇਤਰਾਜ਼ ਲੈਕਚਰਾਰਾਂ ਵੱਲੋਂ ਨਿੱਜੀ ਪੱਧਰ ਉੱਤੇ ਅਤੇ ਸਮੂਹਿਕ ਪੱਧਰ ਤੇ ਜਥੇਬੰਦੀ ਵੱਲੋਂ ਵਿਭਾਗ ਨੂੰ ਯੋਗ ਪ੍ਰਣਾਲੀ ਰਾਹੀਂ ਭੇਜੇ ਗਏ ਹਨ।

ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਲੈਕਚਰਾਰ ਵਰਗ ਵਿੱਚ ਜਨਰਲ ਵਰਗ, ਐਸ ਸੀ ਵਰਗ ਸਭ ਸ਼ਾਮਲ ਹਨ, ਇਸ ਕਰਕੇ ਯੂਨੀਅਨ ਕਿਸੇ ਵੀ ਵਰਗ ਨਾਲ ਅਨਿਆ ਨਹੀਂ ਹੋਣ ਦੇਵੇਗੀ। ਸਮੁੱਚੇ ਵਰਗ ਦੀਆਂ ਭਾਵਨਾਵਾਂ ਅਨੁਸਾਰ ਸੀਨੀਆਰਤਾ ਸੂਚੀ ਨਿਯਮਾਂ ਅਨੁਸਾਰ ਬਣਾਉਣ ਦੀ ਲਗਾਤਾਰ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਣ ਵਿੱਚ ਵਿਸਵਾਸ਼ ਕਰਦੀ ਹੈ। ਉਹਨਾਂ ਕਿਹਾ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਇਹਨਾਂ ਇਤਰਾਜ਼ਾਂ ਨੂੰ ਜਥੇਬੰਦੀ ਦੀ ਮੀਟਿੰਗ ਬੁਲਾ ਕੇ ਅਤੇ ਲੈਕਚਰਾਰਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦੇ ਕੇ ਜਲਦ ਤੋਂ ਜਲਦ ਦੂਰ ਕਰਦੇ ਹੋਏ ਅਤੇ ਤਹਿ ਨਿਯਮਾਂ ਅਤੇ ਮਾਨਯੋਗ ਉੱਚ ਤੇ ਸਰਵ ਉੱਚ ਅਦਾਲਤ ਦੇ ਫੈਸਲਿਆਂ ਦੀ ਰੌਸ਼ਨੀ ਵਿੱਚ ਸੀਨੀਆਰਤਾ ਸੂਚੀ ਨੂੰ ਫਾਈਨਲ ਕੀਤਾ ਜਾਵੇ।

ਜਥੇਬੰਦੀ ਦੇ ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ 1999 ਵਿੱਚ ਸਿੱਧੇ ਭਰਤੀ ਹੋਏ ਲੈਕਚਰਾਰ ਲਗਾਤਾਰ ਬਿਨਾਂ ਕਿਸੇ ਤਰੱਕੀ ਤੋਂ ਸੇਵਾਮੁਕਤ ਹੋ ਰਹੇ ਹਨ। ਜਨਵਰੀ 2025 ਤੋਂ ਲੈ ਕੇ ਹੁਣ ਤੱਕ ਤਕਰੀਬਨ 100 ਦੇ ਕਰੀਬ ਲੈਕਚਰਾਰ ਸੇਵਾਮੁਕਤ ਹੋ ਚੁੱਕੇ ਹਨ ਅਤੇ ਲਗਾਤਾਰ ਹੋ ਰਹੇ ਹਨ ਜੋ ਕਿ ਯੋਗ, ਮਿਹਨਤੀ ਅਤੇ ਤਜ਼ਰਬੇਕਾਰ ਲੈਕਚਰਾਰਾਂ ਨਾਲ਼ ਵੱਡਾ ਅਨਿਆਂ ਹੈ। ਉਹਨਾਂ ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਅਤੇ ਸਕੂਲ ਪ੍ਰਬੰਧ ਦੇ ਹਿੱਤ ਵਿੱਚ ਸੀਨੀਆਰਤਾ ਸੂਚੀ ਵਿੱਚ ਸੋਧ ਕਰਵਾ ਕੇ, 700 ਦੇ ਕਰੀਬ ਬਣਦੀਆਂ ਤਰੱਕੀਆਂ ਕਰਵਾਈਆਂ ਜਾਣ ਤਾਂ ਜੋ ਲੰਮੇ ਸਮੇਂ ਤੋਂ ਖ਼ਾਲੀ ਪਏ ਸਕੂਲਾਂ ਨੂੰ ਪ੍ਰਿੰਸੀਪਲ ਮਿਲ ਸਕਣ।

ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਸਹਿਬਾਨ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *