Breaking News
Smart Media Dashmesh Insurance Point

ਗਾਰਬੇਜ ਪ੍ਰੋਸੈਸਿੰਗ ਯੂਨਿਟ ਮਾਮਲਾ : ਵਿਧਾਇਕ ਕੁਲਵੰਤ ਸਿੰਘ ਦੇ ਭਰੋਸੇ ਬਾਅਦ ਲੋਕਾਂ ਨੇ ਉਠਾਇਆ ਧਰਨਾ

ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨਾ ਹੀ ਮੇਰੀ ਪਹਿਲਾ ਫਰਜ਼: ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ, ਅਮਨਦੀਪ ਸਿੰਘ :

ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਮੋਹਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਹੀ ਵਚਨਬੱਧ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਸਮਾਂਬੱਧ ਹੱਲ ਦੇਣ ਲਈ ਹਰ ਸਮੇਂ ਯਤਨਸ਼ੀਲ ਹਨ।

ਅੱਜ ਗਾਰਬੇਜ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ਦੇ ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ- ਇੰਡਸਟਰੀਅਲ ਏਰੀਆ ਅਤੇ ਸ਼ਾਹੀ ਮਾਜਰਾ ਫੇਸ -5 ਮੋਹਾਲੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਮੌਕੇ ਲੋਕਾਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ਬਣਾਉਣ ਲਈ 15 ਏਕੜ ਦੇ ਕਰੀਬ ਜ਼ਮੀਨ ਖਰੀਦੀ ਜਾ ਚੁੱਕੀ ਹੈ, ਜਿਸ ਦਾ ਕਬਜ਼ਾ ਜਲਦੀ ਹੀ ਮਿਲ ਜਾਵੇਗਾ। ਉਪਰੰਤ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਬਾਕਾਇਦਾ ਚਾਰ ਦੀਵਾਰੀ ਕਰ ਲਈ ਜਾਵੇਗੀ। ਉਸ ਤੋਂ ਬਾਅਦ ਸ਼ਾਹੀ ਮਾਜਰੇ ਦਾ ਇਹ ਪੁਆਇੰਟ ਸਿਰਫ ਕਲੈਕਸ਼ਨ ਸੈਂਟਰ ਹੋਵੇਗਾ।

ਜਦੋਂ ਐਮ ਐਲ ਏ ਕੁਲਵੰਤ ਸਿੰਘ ਨੇ ਸ਼ਾਹੀ ਮਾਜਰਾ ਵਿਖੇ ਗਾਰਬੇਜ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਧਰਨੇ ਤੇ ਬੈਠੇ ਲੋਕਾਂ ਨੂੰ ਇਸ ਡੰਪਿੰਗ ਗਰਾਊਂਡ ਸਬੰਧੀ ਦੇ ਸਥਾਈ ਹੱਲ ਸਬੰਧੀ ਜਾਣਕਾਰੀ ਅਤੇ ਭਰੋਸਾ ਦਿੱਤਾ ਤਾਂ ਇਸ ਪਲਾਂਟ ਨੂੰ ਲਗਾਏ ਗਏ ਤਾਲੇ ਨੂੰ ਖੋਲ੍ਹ ਦਿੱਤਾ ਗਿਆ ਅਤੇ ਧਰਨਾ ਵੀ ਹਟਾ ਲਿਆ ਗਿਆ। ਹਾਜ਼ਰੀਨ ਸ਼ਹਿਰੀਆਂ ਵੱਲੋਂ ਐਮ ਐਲ ਏ ਕੁਲਵੰਤ ਸਿੰਘ ਦੇ ਬੋਲਾਂ ਤੇ ਭਰੋਸਾ ਪ੍ਰਗਟਾਇਆ ਗਿਆ।

ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕੀਤੇ ਜਾਣ ਦੇ ਲਈ ਟੈਂਡਰ ਵੀ ਲਾਇਆ ਗਿਆ ਹੈ ਅਤੇ ਜੇਕਰ ਲੋਕਾਂ ਨੇ ਸਹਿਯੋਗ ਦਿੱਤਾ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੱਤਾ ਤਾਂ, ਇਸ ਮਸਲੇ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਅਤੇ ਨਾਲ ਹੀ ਸਾਨੂੰ ਆਮਦਨ ਵੀ ਹੋਵੇਗੀ।

ਵਿਧਾਇਕ ਕੁਲਵੰਤ ਸਿੰਘ ਨੇ ਮੇਅਰ ਮੋਹਾਲੀ ਨਗਰ ਨਿਗਮ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਛੱਡ ਕੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਪਰਮਿੰਦਰ ਪਾਲ ਸਿੰਘ ਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ, ਸਾਬਕਾ ਕੌਂਸਲਰ- ਗੁਰਮੁਖ ਸਿੰਘ ਸੋਹਲ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ -ਅਸ਼ੋਕ ਝਾਅ, ਜਨਰਲ ਸਕੱਤਰ ਰੁਪਿੰਦਰ ਸਿੰਘ, ਕੌਂਸਲਰ ਜਗਦੀਸ਼ ਸਿੰਘ ਜੱਗਾ ਤੇ ਈਸ਼ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *