
ਡੀਸੀ ਮੋਹਾਲੀ ਨੇ ਆਜ਼ਾਦੀ ਦਿਵਸ ਜਸ਼ਨਾਂ ਦੀ ਰਿਹਰਸਲ ਦਾ ਜਾਇਜ਼ਾ ਲਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ 15 ਅਗਸਤ ਨੂੰ ਮੋਹਾਲੀ ਵਿਖੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਅੰਤਿਮ ਰਿਹਰਸਲ 13 ਅਗਸਤ ਨੂੰ ਸਵੇਰੇ 9:00 ਵਜੇ ਹੋਵੇਗੀ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹੀਦ (ਸ਼ੌਰਿਆ ਚੱਕਰ) ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼ 6, ਮੋਹਾਲੀ ਵਿਖੇ ਆਜ਼ਾਦੀ ਦਿਵਸ ਜਸ਼ਨਾਂ ਦੀ ਰਿਹਰਸਲ ਦੇ ਪਹਿਲੇ ਦਿਨ ਦਾ ਜਾਇਜ਼ਾ ਲੈਣ ਦੌਰਾਨ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਆਜ਼ਾਦੀ ਜਸ਼ਨਾਂ ਵਿੱਚ ਮਾਰਚ ਪਾਸਟ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਰਾਜ ਦੇ ਪ੍ਰਮੁੱਖ ਲੋਕ ਪੱਖੀ ਪ੍ਰੋਗਰਾਮਾਂ ਅਤੇ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।
ਵਿਦਿਆਰਥੀਆਂ, ਐਨ.ਸੀ.ਸੀ. ਕੈਡਿਟਾਂ ਅਤੇ ਸਕੂਲ ਬੈਂਡ ਟੀਮਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸੱਭਿਆਚਾਰਕ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜੋ ਰਾਸ਼ਟਰੀ ਸਵੈਮਾਣ ਨੂੰ ਦਰਸਾਉਣ ਦੇ ਨਾਲ ਨਾਲ ਸਦਭਾਵਨਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਦਾ ਹੋਇਆ, ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਵੇ।

ਵੱਖ-ਵੱਖ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਤਿਆਰੀਆਂ ਅਤੇ ਸੌਂਪੀਆਂ ਗਈਆਂ ਡਿਊਟੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਮਾਗਮ ਦੇ ਸੁਚਾਰੂ ਆਯੋਜਨ ਨੂੰ ਯਕੀਨੀ ਬਣਾਉਣ ਲਈ ਇੱਕ ਹਾਂ-ਪੱਖੀ ਅਤੇ ਵਚਨਬੱਧ ਪਹੁੰਚ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਏਡੀਸੀ ਗੀਤਿਕਾ ਸਿੰਘ, ਸੋਨਮ ਚੌਧਰੀ ਅਤੇ ਅਨਮੋਲ ਸਿੰਘ ਧਾਲੀਵਾਲ; ਏਸੀਏ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ; ਐਸ ਪੀ (ਹੈੱਡਕੁਆਰਟਰ) ਰਮਨਦੀਪ ਸਿੰਘ; ਐਸਡੀਐਮ ਦਮਨਦੀਪ ਕੌਰ; ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਹਾਜ਼ਰ ਅਧਿਕਾਰੀਆਂ ਵਿੱਚ ਸ਼ਾਮਲ ਸਨ।