Breaking News
Dashmesh GS Electricals Verka Smart Media Insurance Point Tav Prasad

ਬਿਜਲੀ ਮੰਤਰੀ ਵੱਲੋਂ ਹੜਤਾਲੀ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ

ਕਿਹਾ, ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਦੀਆਂ ਜਾਇਜ਼ ਮੁੱਖ ਮੰਗਾਂ ਦਾ ਕੀਤਾ ਹੱਲ

ਚੰਡੀਗੜ੍ਹ, 11 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਾਵਰਕਾਮ ਦੇ  ਹੜਤਾਲ ਕਰਮਚਾਰੀਆਂ  ਨੂੰ ਆਪਣੀ ਹੜਤਾਲ ਖਤਮ ਕਰਨ ਅਤੇ ਜਨਤਕ ਹਿੱਤਾਂ ਖਾਸ ਕਰਕੇ ਮੌਜੂਦਾ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਵੱਧ ਮੰਗ ਨੂੰ ਮੁੱਖ ਰੱਖਦਿਆਂ ਤੁਰੰਤ ਕੰਮ ‘ਤੇ ਵਾਪਸ ਪਰਤਣ ਦੀ ਅਪੀਲ ਕੀਤੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਘਰਾਂ, ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਬੇਹੱਦ ਜ਼ਰੂਰੀ ਹੈ, ਇਸ ਲਈ ਹੜਤਾਲੀ ਕਰਮਚਾਰੀਆਂ ਨੂੰ ਤੁਰੰਤ ਡਿਊਟੀਆਂ ‘ਤੇ ਵਾਪਸ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਮੀਆਂ ਹੜਤਾਲਾਂ ਕਾਰਨ ਲੱਖਾਂ ਖਪਤਕਾਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ 10 ਅਗਸਤ 2025 ਨੂੰ ਸਥਾਨਕ ਪੰਜਾਬ ਭਵਨ ਵਿਖੇ ਪੀ.ਐਸ.ਪੀ.ਸੀ.ਐਲ. ਪ੍ਰਸ਼ਾਸਨ ਅਤੇ ਪਾਵਰਕਾਮ ਕਰਮਚਾਰੀ ਸਾਂਝੇ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਨੁਮਾਇੰਦਿਆਂ ਦਰਮਿਆਨ ਇੱਕ ਅਹਿਮ ਮੀਟਿੰਗ ਬੁਲਾਈ ਗਈ, ਜਿਸਦੀ ਪ੍ਰਧਾਨਗੀ ਉਨ੍ਹਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਸੀ। ਇਸ ਮੀਟਿੰਗ ਦੌਰਾਨ, ਪੀ.ਐਸ.ਪੀ.ਸੀ.ਐਲ. ਪ੍ਰਸ਼ਾਸਨ ਨੇ ਕਰਮਚਾਰੀਆਂ ਵੱਲੋਂ ਰੱਖੀਆਂ ਗਈਆਂ ਲਗਭਗ ਸਾਰੀਆਂ ਮੁੱਖ ਮੰਗਾਂ ਨੂੰ ਸਵੀਕਾਰ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ।

ਈ.ਟੀ.ਓ. ਨੇ ਕਿਹਾ ਕਿ ਕਰਮਚਾਰੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਵਿੱਚ ਨਵੀਆਂ ਅਸਾਮੀਆਂ ਦੀ ਸਿਰਜਣਾ ਅਤੇ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨਾ, ਐਕਸ-ਗ੍ਰੇਸ਼ੀਆ ਰਕਮ ਵਿੱਚ ਵਾਧਾ ਕਰਨਾ, ਅੰਤਿਮ ਫੈਸਲੇ ਤੱਕ ਤਰਸਯੋਗ ਮਾਮਲਿਆਂ ਵਿੱਚ ਰਿਕਵਰੀ ਨੂੰ ਰੋਕਣਾ, ਕਰਮਚਾਰੀਆਂ ਲਈ ਕੈਸ਼ਲੈਸ ਡਾਕਟਰੀ ਸਹੂਲਤਾਂ ਦੀ ਵਿਵਸਥਾ ਕਰਨਾ, ਲੰਬਿਤ ਭੱਤੇ ਜਾਰੀ ਕਰਨਾ, ਗਰਿੱਡ ਸਬ ਸਟੇਸ਼ਨ ਸਟਾਫ਼ ਦੇ ਓਵਰਟਾਈਮ ਭੁਗਤਾਨ ਸਬੰਧੀ ਬਕਾਏ ਜਾਰੀ ਕਰਨਾ ਅਤੇ ਪੈਨਸ਼ਨ ਵਿੱਚ ਸੋਧ ਸਬੰਧੀ ਕੁਝ ਮਾਮਲੇ ਸ਼ਾਮਲ ਹਨ। 

ਬਿਜਲੀ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਮੰਗਾਂ ਦਾ ਹੱਲ ਹੋ ਜਾਣ ਨਾਲ ਹੁਣ ਕਰਮਚਾਰੀਆਂ ਲਈ ਹੜਤਾਲ ਜਾਰੀ ਰੱਖਣਾ ਵਾਜਬ ਨਹੀਂ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਹੜਤਾਲ ਛੱਡ ਕੇ ਜਨਤਕ ਭਲਾਈ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਬਿਜਲੀ ਖੇਤਰ ਨੂੰ ਹੋਰ ਮਜ਼ਬੂਤ, ਕੁਸ਼ਲ ਅਤੇ ਖਪਤਕਾਰ-ਅਨੁਕੂਲ ਬਣਾਉਣ ਲਈ ਕਰਮਚਾਰੀਆਂ ਅਤੇ ਪ੍ਰਸ਼ਾਸਨ ਦਰਮਿਆਨ ਏਕਤਾ ਬੇਹੱਦ ਜ਼ਰੂਰੀ ਹੈ।

Leave a Reply

Your email address will not be published. Required fields are marked *