
ਹੁਸ਼ਿਆਰਪੁਰ, 21 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਕਰਵਾ ਚੌਥ ਦੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਬ੍ਰਾਹਮਣਾ ਵਿਖੇ ਪਿਉ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਗੋਲੀਬਾਰੀ ਵਿੱਚ ਦੋ ਬੱਚੇ ਵੀ ਜ਼ਖਮੀ ਹੋਏ ਹਨ। ਉਹ ਦੋਵੇਂ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਉਹ ਹਸਪਤਾਲ ‘ਚੋਂ ਬਾਹਰ ਆਏ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਅਮਰਜੀਤ (37) ਵਾਸੀ ਤਲਵੰਡੀ ਰਾਈਆਂ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ (60) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਅਮਰਜੀਤ ਦੇ ਲੜਕੇ ਗੁਨਰਾਜ ਅਤੇ ਅਮਰਜੀਤ ਦੇ ਭਰਾ ਸੁਖਜੀਤ ਦੇ ਲੜਕੇ ਸ਼ਿਵਮ ਨੂੰ ਗੋਲੀਆਂ ਲੱਗੀਆਂ। ਦੋਵਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਨਸ਼ੇ ਦੀ ਤਸਕਰੀ ਅਤੇ ਨਜਾਇਜ਼ ਹਥਿਆਰ ਰੱਖਣ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।