
ਚੋਣ ਲੜਨ ਦੀ ਥਾਂ ਦੋਵੇਂ ਵਿਰੋਧੀਆਂ ਨੂੰ ਬਿਠਾ ਕੇ ਦਾਅ ਲਾਉਣ ਦੀ ਤਾਕ ‘ਚ ਸੀ ਥਾਣੇਦਾਰ
ਮੁਕੇਰੀਆਂ, 9 ਅਕਤੂਬਰ, ਮਨਜੀਤ ਸਿੰਘ ਚੀਮਾ :
ਪੰਚਾਇਤੀ ਚੋਣਾਂ ਵਿੱਚ ਪਿੰਡ ਨੁਸ਼ਿਹਰਾ ਪੱਤਣ ਵਿੱਚ ਬੀਤੇ ਦਿਨ ਅਨੋਖਾ ਡਰਾਮਾ ਦੇਖਣ ਨੂੰ ਮਿਲਿਆ ਹੈ। ਪਿੰਡ ਦੇ ਇੱਕ ਸਾਬਕਾ ਥਾਣੇਦਾਰ ਨੂੰ ਕਰੀਬ ਘੰਟੇ ਲਈ ਸਰਬਸੰਮਤੀ ਨਾਲ ਮਿਲੀ ਸਰਪੰਚੀ ਦੋਹਾਂ ਧਿਰਾਂ ਦੇ ਸਮਰਥਕਾਂ ਵਲੋਂ ਕੀਤੇ ਤਿੱਖੇ ਵਿਰੋਧ ਕਾਰਨ ਦਪਹਿਰ ਤੋਂ ਪਹਿਲਾਂ ਹੀ ਖੁੱਸ ਜਾਣ ਦੀ ਚਰਚਾ ਹਰ ਪਿੰਡ ਦੀ ਗਲੀ ਗਲੀ ਵਿੱਚ ਚੱਲ ਰਹੀ ਹੈ। ਇਸ ਸਾਰੇ ਡਰਾਮੇ ਵਿੱਚ ਇੱਕ ਸੇਵਾ ਮੁਕਤ ਪਟਵਾਰੀ ਅਤੇ ਥਾਣੇਦਾਰ ਦੀਆਂ ਬਣਾਈਆਂ ਵੀਡੀਓਜ਼ ਲੋਕਾਂ ਵਲੋਂ ਬੜੇ ਚਸਕੇ ਨਾਲ ਇੱਕ ਦੂਜੇ ਨੂੰ ਦਿਖਾਈਆਂ ਜਾ ਰਹੀਆਂ ਹਨ।
ਪਿੰਡ ਦੇ ਇੱਕ ਸਾਬਕਾ ਪੰਚ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਨੁਸ਼ਿਹਰਾ ਪੱਤਣ ਵਿੱਚ ਸਰਪੰਚੀ ਦੀ ਚੋਣ ਲਈ ਸਾਬਕਾ ਸਰਪੰਚ, ਇੱਕ ਨਵੇਂ ਨੌਜਵਾਨ ਆੜਤੀਏ, ਇੱਕ ਵਕੀਲ ਅਤੇ ਇੱਕ ਥਾਣੇਦਾਰ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਸਨ। ਪਿੰਡ ਦੇ ਸਾਬਕਾ ਸਰਪੰਚ ਦਾ ਵਿਰੋਧ ਜਿਆਦਾ ਹੋਣ ਦੇ ਚੱਲਦਿਆਂ ਉਸ ਵਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਰਬਸੰਮਤੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸੇ ਤਹਿਤ ਦੋਹਾਂ ਧਿਰਾਂ ਨੂੰ ਦਰਕਿਨਾਰ ਕਰਕੇ ਕੁਝ ਮੁਫਤ ‘ਚ ਸਰਪੰਚੀ ਦੇ ਲਾਲਚੀ ਲੋਕਾਂ ਵਲੋਂ ਆਪਣਾ ਬੁੱਤਾ ਲਗਾਉਣ ਲਈ ਕਰੀਬ 5-6 ਮੀਟਿੰਗਾਂ ਕੀਤੀਆਂ ਗਈਆਂ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਦੀਆਂ ਵੀ ਸਾਰੀਆਂ ਵੋਟਾਂ ਨਹੀਂ ਪੈਣੀਆਂ। ਪਹਿਲੀ ਸਰਬਸੰਮਤੀ ਇੱਕ ਰਾਗੀ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਕਿ ਲੋਕਾਂ ਨੇ ਪਹਿਲੀ ਸੱਟੇ ਹੀ ਖਾਰਜ਼ ਕਰ ਦਿੱਤੀ। ਇਸ ਉਪਰੰਤ ਆਪਣਾ ਦਾਅ ਲਗਾਉਣ ਲਈ ਸਾਬਕਾ ਥਾਣੇਦਾਰ ਵਲੋਂ ਮੁਫ਼ਤ ਦੀ ਸਰਪੰਚੀ ਲੈਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਹਾਂਲਾਂਕਿ ਕੁਝ ਪਿੰਡ ਵਾਸੀਆਂ ਅਨੁਸਾਰ ਪਹਿਲੀ ਸਰਬਸੰਮਤੀ ਵਾਲਾ ਰਾਗੀ ਵੀ ਥਾਣੇਦਾਰ ਨੂੰ ਸਰਪੰਚੀ ਦੇਣ ਲਈ ਰਾਜੀ ਨਹੀਂ ਸੀ। ਲੰਬੀ ਜੱਦੋ ਜਹਿਦ ਉਪਰੰਤ ਥਾਣੇਦਾਰ ਦੇ ਕੁਝ ਸਮਰਥਕਾਂ ਵਲੋਂ ਆਪਣੀ ਮਨਸ਼ਾ ਪੂਰੀ ਕਰਨ ਲਈ ਨੌਜਵਾਨ ਉਮੀਦਵਾਰ ਨੂੰ ਮਜ਼ਬੂਰ ਕੀਤਾ ਗਿਆ ਕਿ ਉਹ ਅਤੇ ਸਾਬਕਾ ਸਰਪੰਚ ਆਪਣੇ ਕਾਗਜ਼ ਵਾਪਸ ਲੈ ਲੈਣ ਅਤੇ ਥਾਣੇਦਾਰ ਉੱਤੇ ਆਪਣੀ ਸਹਿਮਤੀ ਦੇ ਦੇਣ। ਮਜ਼ਬੂਰਨ ਸਾਬਕਾ ਸਰਪੰਚ ਅਤੇ ਚੋਣ ਲੜਨ ਵਾਲੇ ਨੌਜਵਾਨ ਆੜਤੀਏ ਨੂੰ ਥਾਣੇਦਾਰ ਉੱਤੇ ਸਹਿਮਤੀ ਬਣਾਉਣੀ ਪਈ ਅਤੇ ਉਸਦੇ ਗਲ ਸਿਰੋਪਾਓ ਪਾ ਕੇ ਉਸਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਜਦੋਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਤਾਂ ਦੋਹਾਂ ਧਿਰਾਂ ਦੇ ਸਮਰਥਕ ਰੋਹ ਵਿੱਚ ਆ ਗਏ ਅਤੇ ਸਰਬਸੰਮਤੀ ਨਾ ਮਨਜ਼ੂਰ ਕਰ ਦਿੱਤੀ। ਸਾਬਕਾ ਸਰਪੰਚ ਦੀ ਧਿਰ ਦੇ ਸਮਰਥਕਾਂ ਨੇ ਤਾਂ ਉਸਨੂੰ ਗਾਲੀ ਗਲੋਚ ਵੀ ਕੀਤਾ, ਪਰ ਦੂਜੀ ਧਿਰ ਨੌਜਵਾਨ ਸਰਪੰਚ ਉਮੀਦਵਾਰ ਦੇ ਹੱਕ ਵਿੱਚ ਨਾਅਰੇ ਮਾਰਨ ਲੱਗੀ। ਸੂਤਰ ਦੱਸਦੇ ਹਨ ਕਿ ਉਸ ਮੌਕੇ ਨੌਜਵਾਨ ਨੇ ਤਾਜੇ ਹੀ ਸਰਪੰਚੀ ਖੁਹਾ ਚੁੱਕੇ ਥਾਣੇਦਾਰ ਨੂੰ ਚੋਣ ਲੜਨ ਦੀ ਬੇਨਤੀ ਕੀਤੀ ਤਾਂ ਉਹ ਪਤਾ ਨਹੀ ਕਿੱਧਰ ਰਫੂ ਚੱਕਰ ਹੋ ਗਿਆ। ਇਸ ਉਪਰੰਤ ਸਾਬਕਾ ਸਰਪੰਚ ਤੇ ਨੌਜਵਾਨ ਆੜਤੀਆ ਹੀ ਮੈਦਾਨ ਵਿੱਚ ਰਹਿ ਗਏ ਹਨ, ਜਿਨ੍ਹਾਂ ਦੇ ਸਮਰਥਕਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਲਾਕੇ ਅੰਦਰ ਇਸ ਗੱਲ ਦੀ ਖੂਬ ਚਰਚਾ ਹੈ ਕਿ ਹਰ ਪਿੰਡ ਵਿੱਚ ਅਜਿਹੇ ਲੋਕ ਹੁੰਦੇ ਹਨ, ਜਿਹੜੇ ਆਪਣਿਆਂ ਨੂੰ ਹੀ ਠਿੱਬੀ ਲਗਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਇਸ ਮਾਮਲੇ ਵਿੱਚ ਬਿਨ੍ਹਾਂ ਕਿਸੇ ਚੋਣ ਲੜਿਆਂ ਪੰਚ ਬਨਣ ਵਾਲੇ ਉਮੀਦਵਾਰਾਂ ਨੇ ਵੀ ਆਪਣਾ ਦਾਅ ਲਗਾਉਣ ਦੀ ਪੂਰੀ ਕੋਸ਼ਿਸ ਕੀਤੀ। ਨੁਸ਼ਿਹਰਾ ਪੱਤਣ ‘ਚ ਵਾਪਰੀ ਇਸ ਘਟਨਾ ਦੀ ਚਰਚਾ ਬੜੇ ਚਸਕੇ ਲੈ ਕੇ ਸੁਣਾਈ ਜਾ ਰਹੀ ਹੈ।