
ਅੰਮਿ੍ਤਸਰ, 11 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਪਰਤੀ ਪੁਰਸ਼ ਹਾਕੀ ਟੀਮ ਅੱਜ ਅੰਮ੍ਰਿਤਸਰ ਪੁੱਜੀ। ਇਥੇ ਆਉਣ ਸਾਰ ਹੀ ਭਾਰਤੀ ਟੀਮ ਦੇ ਖਿਡਾਰੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪੁੱਜੇ। ਹਾਕੀ ਟੀਮ ਦੇ ਖਿਡਾਰੀਆਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਭਾਰਤੀ ਹਾਕੀ ਟੀਮ ਨੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜਣ ਮੌਕੇ ਉਲੰਪਿਕ ਜੇਤੂ ਭਾਰਤੀ ਖਿਡਾਰੀਆਂ ਦਾ ਵੱਡੀ ਗਿਣਤੀ ਵਿੱਚ ਪੁੱਜੇ ਉਹਨਾਂ ਦੇ ਸਮਰਥਕਾਂ ਵਲੋਂ ਢੋਲ-ਢਮਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਹਵਾਈ ਅੱਡੇ ‘ਤੇ ਟੀਮ ਦੇ ਸਵਾਗਤ ਲੲੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਵੀ ਵਿਸ਼ੇਸ਼ ਤੌਰ ਉਤੇ ਪਹੁੰਚੇ ਹੋੲੇ ਸਨ।
ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ, ਜਿਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਪਹੁੰਚੇ। ਹਾਕੀ ਟੀਮ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਉਲੰਪਿਕ ਵਿਚ ਕਾਂਸੀ ਤਗਮਾ ਜਿੱਤਣ ਤੋਂ ਬਾਅਦ ਪੈਰਿਸ ਉਲੰਪਿਕ ਵਿਚ ਲਗਾਤਾਰ ਦੂਜੀ ਵਾਰ ਕਾਂਸੀ ਤਮਗਾ ਹਾਸਲ ਕੀਤਾ ਹੈ, ਜੋ ਆਪਣੇ ਆਪ ਵਿੱਚ ਇਕ ਵੱਡੀ ਉਪਲੱਬਧੀ ਹੈ।