
ਪ੍ਰਸ਼ਾਸਨ ਉਤੇ ਦੁਰਵਿਵਹਾਰ ਕਰਨ ਦੇ ਵੀ ਲਗਾਏ ਦੋਸ਼
ਗੋਰਖਪੁਰ, 23 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਬੁੱਧਵਾਰ ਨੂੰ ਯੂਪੀ ਦੇ ਜ਼ਿਲ੍ਹਾ ਗੋਰਖਪੁਰ ਵਿਚ ਪੈਂਦੇ ਬਿਛੀਆ ਵਿੱਚ ਪੀਏਸੀ ਕੈਂਪ ਵਿੱਚ ਸੈਂਕੜੇ ਸਿਖਲਾਈ ਪ੍ਰਾਪਤ ਕਰ ਰਹੀਆਂ ਮਹਿਲਾ ਕਾਂਸਟੇਬਲਾਂ ਨੇ ਸਿਖਲਾਈ ਕੇਂਦਰ ਵਿੱਚ ਰਹਿਣ-ਸਹਿਣ ਦੀਆਂ ਮਾੜੀਆਂ ਸਥਿਤੀਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਰੀਬ 600 ਮਹਿਲਾ ਕਾਂਸਟੇਬਲਾਂ ਨੇ ਸਿਖਲਾਈ ਕੇਂਦਰ ਤੋਂ ਬਾਹਰ ਨਿਕਲ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਅੰਦਰ ਪੀਣ ਵਾਲੇ ਪਾਣੀ, ਭੋਜਨ ਅਤੇ ਨਹਾਉਣ ਦੀਆਂ ਸਹੂਲਤਾਂ ਵਰਗੇ ਬੁਨਿਆਦੀ ਪ੍ਰਬੰਧ ਨਾਕਾਫ਼ੀ ਹਨ। ਮਹਿਲਾ ਕਾਂਸਟੇਬਲਾਂ ਦਾਅਵਾ ਕੀਤਾ ਕਿ 360 ਕੈਡਿਟਾਂ ਲਈ ਬਣੇ ਕੈਂਪਸ ਵਿੱਚ ਕਰੀਬ 600 ਨੂੰ ਠਹਿਰਾਇਆ ਗਿਆ ਹੈ।
ਇਕ ਸਾਹਮਣੇ ਆਈ ਵੀਡੀਓ ਵਿਚ ਕਿਹਾ ਗਿਆ ਕਿ “ਜਦੋਂ ਇਥੇ ਪਾਣੀ, ਲਾਈਟ ਅਤੇ ਪੱਖਾ ਤੱਕ ਨਹੀਂ, ਹੋਰ ਤਾਂ ਹੋਰ ਸਾਨੂੰ ਖੁੱਲ੍ਹੇ ਵਿੱਚ ਨਹਾਉਣਾ ਪੈਂਦਾ ਹੈ, ਤਾਂ ਸਾਨੂੰ ਇੱਥੇ ਕਿਉਂ ਬੁਲਾਇਆ? ਪ੍ਰਸ਼ਾਸਨ ਮੱਦਦ ਕਰਨ ਦੀ ਬਜਾਏ ਸਾਡੇ ਨਾਲ ਦੁਰਵਿਵਹਾਰ ਕਰਦਾ ਹੈ।” ਨਾਲ ਹੀ ਇਹ ਵੀ ਦੋਸ਼ ਲਾਇਆ ਕਿ ਔਰਤਾਂ ਦੇ ਟਾਇਲਟ ਦੀ ਗੈਲਰੀ ਨੇੜੇ ਕੈਮਰਾ ਵੀ ਲਗਾਇਆ ਗਿਆ। ਜਿਸ ਨੂੰ ਉਹਨਾਂ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ।
ਪੀਏਸੀ ਕਮਾਂਡੈਂਟ ਆਨੰਦ ਕੁਮਾਰ ਅਤੇ ਸੀਓ ਦੀਪਾਂਸ਼ੀ ਰਾਠੌਰ ਸਮੇਤ ਸੀਨੀਅਰ ਅਧਿਕਾਰੀ ਸਥਿਤੀ ਨੂੰ ਸ਼ਾਂਤ ਕਰਨ ਲਈ ਕੈਂਪ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲਾਂ ਵੱਲੋਂ ਵਿਰੋਧ ਪ੍ਰਦਰਸ਼ਨ ਬੰਦ ਕੀਤਾ ਗਿਆ।