
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ, ਜੰਮੂ ਅਤੇ ਰਾਜਸਥਾਨ ਵਿੱਚ ਮੁੜ ਦਿਖੇ ਡਰੋਨ
ਨਵੀਂ ਦਿੱਲੀ, 13 ਮਈ, ਪੰਜਾਬੀ ਦੁਨੀਆ ਬਿਊਰੋ:
ਭਾਰਤ ਅਤੇ ਪਾਕਿਸਤਾਨ ਦਰਮਿਆਨ ਬੀਤੇ ਦਿਨੀਂ ਵਧਿਆ ਤਣਾਅ ਲਗਭਗ ਸ਼ਾਂਤ ਹੋ ਗਿਆ ਹੈ। ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਸ਼ਾਂਤੀ ਦਾ ਮਾਹੌਲ ਹੈ। ਇਸ ਦੌਰਾਨ ਖਬਰ ਹੈ ਕਿ 12 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਡੀਜੀਐੱਮਓ (ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ) ਪੱਧਰ ਦੀ ਗੱਲਬਾਤ ਪੂਰੀ ਹੋ ਗਈ ਹੈ। ਸੂਤਰਾਂ ਅਨੁਸਾਰ, ਗੱਲਬਾਤ ਸ਼ਾਂਤੀਪੂਰਵਕ ਸਮਾਪਤ ਹੋਈ ਅਤੇ ਇਸ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।
ਇਸ ਦੌਰਾਨ ਗੱਲਬਾਤ ਤੋਂ ਬਾਅਦ ਬੀਤੀ ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ, ਜੰਮੂ ਅਤੇ ਰਾਜਸਥਾਨ ਵਿੱਚ ਰਾਤ ਨੂੰ ਡਰੋਨ ਦਿਖਾਈ ਦੇਣ ਬਾਅਦ ਇਕ ਵਾਰ ਫਿਰ ਤੋਂ ਬਲੈਕਆਉਟ ਕੀਤਾ ਗਿਆ। ਸੋਮਵਾਰ ਰਾਤ ਨੂੰ ਲਗਭਗ 9 ਵਜੇ, ਜੰਮੂ-ਕਸ਼ਮੀਰ ਦੇ ਸਾਂਬਾ, ਪੰਜਾਬ ਦੇ ਜਲੰਧਰ, ਪਠਾਨਕੋਟ ਅਤੇ ਰਾਜਸਥਾਨ ਦੇ ਬਾੜਮੇਰ ਵਿੱਚ ਡਰੋਨ ਦੇਖੇ ਗਏ। ਜਿਹਨਾਂ ਨੂੰ ਫੌਜ ਨੇ ਤਬਾਹ ਕਰ ਦਿੱਤਾ।
ਦੱਸਣਯੋਗ ਹੈ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਈ ਦਿਨਾਂ ਦੀ ਭਾਰੀ ਗੋਲਾਬਾਰੀ ਤੋਂ ਬਾਅਦ, ਜੰਮੂ-ਕਸ਼ਮੀਰ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਹੋਰ ਖੇਤਰਾਂ ਵਿੱਚ ਸ਼ਾਂਤੀ ਦੀ ਰਾਤ ਦੇਖੀ ਗਈ। 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਹੋਣ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸ਼ੁਰੂ ਹੋਣ ਤੋਂ ਬਾਅਦ ਇਹ ਇਨ੍ਹਾਂ ਇਲਾਕਿਆਂ ਵਿੱਚ ਪਹਿਲੀ ਸ਼ਾਂਤਮਈ ਰਾਤ ਸੀ। ਇਸ ਦੌਰਾਨ ਡੀਜੀਐੱਮਓ, ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਡੀਜੀਐੱਮਓ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਨੇ 10 ਮਈ ਨੂੰ ਭਾਰਤ ਦੇ ਡੀਜੀਐੱਮਓ ਨੂੰ ਫੋਨ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ‘ਤੇ ਸਹਿਮਤੀ ਬਣੀ ਸੀ।