
123 ਟੈਸਟ ਮੈਚਾਂ ਵਿੱਚ ਕੁੱਲ 9,230 ਦੌੜਾਂ ਸਮੇਤ 30 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ
ਨਵੀਂ ਦਿੱਲੀ, 12 ਮਈ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇੰਸਟਾਗ੍ਰਾਮ ‘ਤੇ ਇੱਕ ਭਾਵਨਾਤਮਕ ਪੋਸਟ ਵਿੱਚ ਉਹਨਾਂ ਤੁਰੰਤ ਪ੍ਰਭਾਵ ਨਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਿਕ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਸੰਨਿਆਸ ਬਾਰੇ ਜਾਣਕਾਰੀ ਦੇ ਦਿੱਤੀ ਹੈ, ਜਿਸ ਨਾਲ ਵਿਸ਼ਵ ਕ੍ਰਿਕਟ ਵਿੱਚ ਮਾਯੂਸੀ ਛਾ ਗਈ ਹੈ। ਭਾਵੇਂ ਕਿ ਬੀਸੀਸੀਆਈ ਨੇ, ਕੋਹਲੀ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਹਲੀ ਨੇ ਆਪਣਾ ਫੈਸਲਾ ਨਹੀਂ ਬਦਲਿਆ। ਹੁਣ ਉਹ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ।
ਦੱਸਣਯੋਗ ਹੈ ਕਿ ਕਿੰਗ ਕੋਹਲੀ ਨੇ ਭਾਰਤ ਲਈ ਕੁੱਲ 123 ਟੈਸਟ ਮੈਚ ਖੇਡੇ, 46.85 ਦੀ ਔਸਤ ਨਾਲ 9,230 ਦੌੜਾਂ ਬਣਾਈਆਂ, ਜਿਸ ਵਿੱਚ 30 ਸੈਂਕੜੇ ਅਤੇ 31 ਅਰਧ ਸੈਂਕੜੇ ਸ਼ਾਮਲ ਹਨ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 254 ਹੈ।
ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ “ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬਲੂ ਸ਼ਰਟ ਪਹਿਨੇ ਨੂੰ 14 ਸਾਲ ਹੋ ਗਏ ਹਨ। ਇਮਾਨਦਾਰੀ ਨਾਲ ਕਹਾਂ ਤਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਲੈਵਲ ‘ਤੇ ਲੈ ਜਾਵੇਗਾ। ਇਸਨੇ ਮੈਨੂੰ ਪਰਖਿਆ ਹੈ, ਮੈਨੂੰ ਸੇਧ ਦਿੱਤੀ ਅਤੇ ਮੈਨੂੰ ਉਹ ਸਬਕ ਸਿਖਾਏ ਹਨ ਜੋ ਮੈਂ ਜ਼ਿੰਦਗੀ ਭਰ ਨਿਭਾਵਾਂਗਾ। ਟੈਸਟ ਕ੍ਰਿਕਟ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ।”
ਵਿਰਾਟ ਨੇ ਇਹ ਵੀ ਕਿਹਾ ਕਿ ਸੰਨਿਆਸ ਲੈਣ ਦਾ ਫੈਸਲਾ ਆਸਾਨ ਨਹੀਂ ਸੀ, ਪਰ ਇਹ ਉਸਨੂੰ ‘ਸਹੀ’ ਲੱਗਿਆ। “ਜਿਵੇਂ ਹੀ ਮੈਂ ਇਸ ਫਾਰਮੈਟ ਤੋਂ ਦੂਰ ਹੋ ਰਿਹਾ ਹਾਂ, ਇਹ ਆਸਾਨ ਨਹੀਂ ਹੈ – ਪਰ ਇਹ ਸਹੀ ਮਹਿਸੂਸ ਹੁੰਦਾ ਹੈ। ਮੈਂ ਇਸਨੂੰ ਉਹ ਸਭ ਕੁਝ ਦੇ ਦਿੱਤਾ ਹੈ ਜੋ ਮੇਰੇ ਕੋਲ ਸੀ, ਅਤੇ ਇਸਨੇ ਮੈਨੂੰ ਉਮੀਦ ਤੋਂ ਕਿਤੇ ਵੱਧ ਵਾਪਸ ਦਿੱਤਾ ਹੈ। ਇਸ ਲਈ ਮੈਂ ਸ਼ੁਕਰਗੁਜ਼ਾਰ ਹਾਂ ਅਤੇ ਨਾਲ ਭਰੇ ਦਿਲ ਨਾਲ ਜਾ ਰਿਹਾ ਹਾਂ – ਖੇਡ ਲਈ, ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨਾਲ ਮੈਂ ਮੈਦਾਨ ਸਾਂਝਾ ਕੀਤਾ ਅਤੇ ਹਰ ਉਸ ਵਿਅਕਤੀ ਲਈ ਜਿਸਨੇ ਮੇਰੀ ਹੌਸਲਾ ਅਫਜਾਈ ਕੀਤੀ।
ਦੱਸਣਯੋਗ ਹੈ ਕਿ ਕੋਹਲੀ ਦੇ ਇਸ ਫਾਰਮੈਟ ਤੋਂ ਸੰਨਿਆਸ ਲੈਣ ਨਾਲ ਭਾਰਤੀ ਤਜਰਬੇਕਾਰ ਖਿਡਾਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਰਵੀਚੰਦਰਨ ਅਸ਼ਵਿਨ (ਦਸੰਬਰ ਵਿੱਚ) ਅਤੇ ਰੋਹਿਤ ਸ਼ਰਮਾ (ਪਿਛਲੇ ਹਫ਼ਤੇ) ਸੰਨਿਆਸ ਲੈ ਚੁੱਕੇ ਹਨ।
ਕੋਹਲੀ ਅਤੇ ਰੋਹਿਤ ਦੋਵਾਂ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਸੀ।