Breaking News

ਕਾਨਪੁਰ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤੀ

ਨਵੀਂ ਦਿੱਲੀ, 1 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਭਾਰਤੀ ਟੀਮ ਨੇ ਸਿਰਫ਼ 17.2 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ‘ਚ ਮਜ਼ਬੂਤ ਹੋ ਗਈ ਹੈ ਅਤੇ ਨੰਬਰ 1 ‘ਤੇ ਬਰਕਰਾਰ ਹੈ। ਚੇਨਈ ਟੈਸਟ ਨੂੰ 280 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਕਾਨਪੁਰ ਟੈਸਟ ‘ਚ 7 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ ਹੈ।

ਬੰਗਲਾਦੇਸ਼ ਨੇ ਭਾਰਤ ਨੂੰ ਜਿੱਤ ਲਈ ਮਹਿਜ਼ 95 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਬੱਲੇਬਾਜ਼ਾਂ ਨੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਸੀਰੀਜ਼ ‘ਚ ਬੰਗਲਾਦੇਸ਼ ਨੂੰ ਕਲੀਨ ਸਵੀਪ ਕਰ ਲਿਆ ਹੈ। ਮੀਂਹ ਨਾਲ ਪ੍ਰਭਾਵਿਤ ਹੋਏ ਇਸ ਟੈਸਟ ਵਿੱਚ ਭਾਰਤ ਨੇ ਸਿਰਫ਼ ਢਾਈ ਦਿਨਾਂ ਵਿੱਚ 7 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ।

ਭਾਰਤੀ ਓਪਨਰ ਯਸ਼ਸਵੀ ਜੈਸਵਾਲ ਨੇ ਦੂਜੀ ਪਾਰੀ ਵਿੱਚ ਵੀ ਅਰਧ ਸੈਂਕੜਾ ਜੜਿਆ ਜਦਕਿ ਵਿਰਾਟ ਕੋਹਲੀ ਨੇ 29 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਕਾਨਪੁਰ ਵਿੱਚ ਜਿੱਤ ਦਿਵਾਈ। ਇਸ ਜਿੱਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਕੋਈ ਟੀਮ ਜਿੱਤਣ ਦੀ ਇੱਛਾ ਰੱਖਦੀ ਹੈ ਤਾਂ ਉਹ ਇਸ ਨੂੰ ਹਾਸਲ ਕਰਨ ਲਈ ਕਿਸ ਹੱਦ ਤੱਕ ਜਾ ਸਕਦੀ ਹੈ।

ਰੋਹਿਤ ਸ਼ਰਮਾ ਦੀ ਅਗਵਾਈ ਵੀ ਟੀਮ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ। ਦੱਸਣਯੋਗ ਹੈ ਕਿ ਮੈਚ ਦੇ ਪਹਿਲੇ ਦਿਨ ਸਿਰਫ਼ 35 ਓਵਰ ਖੇਡੇ ਗਏ ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ‘ਤੇ 107 ਦੌੜਾਂ ਬਣਾਈਆਂ। ਦੂਜੇ ਅਤੇ ਤੀਜੇ ਦਿਨ ਦਾ ਖੇਡ ਮੀਂਹ ਦੀ ਭੇਟ ਚੜ੍ਹ ਗਿਆ। ਅਗਲੇ ਦੋ ਦਿਨਾਂ ਦੀ ਖੇਡ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਵਿਚ ਤਹਿਲਕਾ ਮਚਾ ਦਿੱਤਾ ਹੈ।

ਖੇਡ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 233 ਦੌੜਾਂ ‘ਤੇ ਢੇਰ ਕਰ ਦਿੱਤਾ। ਜਸਪ੍ਰੀਤ ਬੁਮਰਾਹ ਨੇ ਤਿੰਨ ਜਦਕਿ ਆਰ ਅਸ਼ਵਿਨ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ ਨੇ 2-2 ਵਿਕਟਾਂ ਲਈਆਂ। ਭਾਰਤੀ ਟੀਮ ਨੇ ਮੈਚ ਦੇ ਚੌਥੇ ਦਿਨ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 34.4 ਓਵਰਾਂ ‘ਚ 9 ਵਿਕਟਾਂ ‘ਤੇ 285 ਦੌੜਾਂ ਬਣਾਈਆਂ ਅਤੇ ਪਾਰੀ ਐਲਾਨਣ ਤੋਂ ਬਾਅਦ 52 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈ ਲਈ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ‘ਚ ਪੰਜਵੇਂ ਦਿਨ 146 ਦੌੜਾਂ ‘ਤੇ ਢੇਰ ਹੋ ਗਈ। ਇਸ ਲਈ ਭਾਰਤੀ ਟੀਮ ਨੇ 3 ਵਿਕਟਾਂ ਗੁਆ ਕੇ 98 ਦੌੜਾਂ ਬਣਾਈਆਂ ਅਤੇ ਇਹ ਮੈਚ ਅਤੇ ਸੀਰੀਜ਼ ਜਿੱਤ ਲਈ।

Leave a Reply

Your email address will not be published. Required fields are marked *