
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ :
PSIEC ਅਤੇ ਸਥਾਨਕ ਅਧਿਕਾਰੀਆਂ ਨਾਲ ਸਬੰਧਤ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਅਤੇ ਫੋਕਲ ਪੁਆਇੰਟਾਂ ਦੀਆਂ ਚਿੰਤਾਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਨ ਲਈ, ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਵਿਸਥਾਰਤ ਮੀਟਿੰਗ ਬੁਲਾਈ ਗਈ। ਪੀ ਐਸ ਆਈ ਈ ਸੀ, ਉਦਯੋਗ ਵਿਭਾਗ ਅਤੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਇਸ ਮੈਰਾਥਨ ਸੈਸ਼ਨ ਵਿੱਚ ਹਿੱਸਾ ਲਿਆ।
ਉਦਯੋਗਿਕ ਪ੍ਰਤੀਨਿਧੀਆਂ ਨੂੰ ਭਰੋਸਾ ਦਿਵਾਉਂਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ ਉਠਾਏ ਗਏ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਜਾਵੇਗਾ। ਸਥਾਨਕ ਪੱਧਰ ‘ਤੇ ਹੱਲ ਕੀਤੇ ਜਾ ਸਕਣ ਵਾਲੇ ਮਾਮਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ, ਜਦੋਂ ਕਿ ਜਿਨ੍ਹਾਂ ਮਾਮਲਿਆਂ ਲਈ ਰਾਜ ਸਰਕਾਰ ਦੇ ਦਖਲ ਦੀ ਲੋੜ ਹੈ, ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।
ਇਸ ਦੌਰਾਨ ਡੀਸੀ ਕੋਮਲ ਮਿੱਤਲ ਵੱਲੋਂ ਡੇਰਾਬਸੀ ਇੰਡਸਟਰੀ ਐਸੋਸੀਏਸ਼ਨ, ਚਨਾਲੋਂ ਫੋਕਲ ਪੁਆਇੰਟ ਅਤੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਉਠਾਏ ਗਏ ਮੁੱਖ ਮੁੱਦੇ ਜਿਨ੍ਹਾਂ ਵਿੱਚ ਡੇਰਾਬਸੀ-ਬਰਵਾਲਾ ਸੜਕ ਨੂੰ ਪੂਰਾ ਕਰਨਾ ਅਤੇ ਚੱਲ ਰਹੇ ਸਟੋਰਮ ਸੀਵਰ ਦੇ ਕੰਮ, ਫੋਕਲ ਪੁਆਇੰਟ ਵਿੱਚ ਸੀਵਰ ਲਾਈਨਾਂ ਦੀ ਸਫਾਈ, ਲੈਂਡਸਕੇਪਿੰਗ ਅਤੇ ਈ ਐਸ ਆਈ ਡਿਸਪੈਂਸਰੀ ਦੇ ਰੱਖ-ਰਖਾਅ, ਫੋਕਲ ਪੁਆਇੰਟ ਸੜਕਾਂ ‘ਤੇ ਸਟੋਰਮ ਸੀਵਰ ਸਿਸਟਮ, ਮਹਿਲਾ ਕਰਮਚਾਰੀਆਂ ਲਈ ਸਮਰਪਿਤ ਬੱਸ ਸਟਾਪ, ਟ੍ਰੈਫਿਕ ਭੀੜ ਨੂੰ ਘਟਾਉਣ ਲਈ ਏਅਰਪੋਰਟ ਰੋਡ ਦੇ ਸਮਾਨਾਂਤਰ ਰਸਤੇ ਵਿਕਸਤ ਕਰਨ, ਕੂੜਾ ਇਕੱਠਾ ਕਰਨ ਅਤੇ ਪਾਰਕਾਂ ਦੀ ਦੇਖਭਾਲ ਵਿੱਚ ਸੁਧਾਰ ਅਤੇ ਸੜਕਾਂ ਤੇ ਪਾਣੀ ਭਰਨ ਦੀਆਂ ਸਮੱਸਿਆਵਾਂ ਦੇ ਮੁੱਦੇ ਉਠਾਏ ਗਏ।
ਇਸ ਸਬੰਧੀ ਡੀਸੀ ਵੱਲੋਂ ਸਮੂਹ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਵਿੱਚੋਂ ਹਰੇਕ ਮੁੱਦੇ ਤੇ ਵਿਚਾਰ ਕੀਤੀ ਜਾਵੇਗੀ ਅਤੇ ਜਲਦੀ ਤੋਂ ਜਲਦੀ ਸਮੂਹ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਡੀਸੀ ਨੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਨੂੰ ਦੱਸਿਆ ਕਿ ਸੜਕ ਦੀ ਭੀੜ ਘਟਾਉਣ ਲਈ ਨਾਈਪਰ ਤੋਂ ਬਲੌਂਗੀ ਰੋਡ ਤੱਕ ਦਾ ਰਸਤਾ ਅਤੇ ਫੇਜ਼ 1 ਤੋਂ ਫੇਜ਼ 8 ਤੱਕ ਸ਼ਹਿਰ ਦੀ ਸੜਕ ਨੂੰ ਚੌੜਾ ਕਰਨਾ ਵਿਚਾਰ ਅਧੀਨ ਹੈ।
ਇਸ ਤੋਂ ਇਲਾਵਾ, ਡੀਸੀ ਨੇ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਦੇ ਪ੍ਰਤੀਨਿਧੀ ਬਿਕਰਮਜੀਤ ਸਿੰਘ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਪੀ ਐਸ ਆਈ ਈ ਸੀ ਦੇ ਦਾਇਰੇ ਅਧੀਨ ਆਉਂਦੇ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।
ਮੀਟਿੰਗ ਵਿੱਚ ਏ ਡੀ ਸੀ (ਜ) ਗੀਤਿਕਾ ਸਿੰਘ, ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਬਾਂਸਲ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ, ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ, ਜਨਰਲ ਸਕੱਤਰ ਰਾਕੇਸ਼ ਅਗਰਵਾਲ, ਚਨਾਲੋ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ੇਖਰ ਜਿੰਦਲ ਅਤੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਅਰਸ਼ਜੀਤ ਸਿੰਘ ਸ਼ਾਮਲ ਹੋਏ।