
ਤੇਲ ਅਵੀਵ ਸਮੇਤ ਕਈ ਸ਼ਹਿਰਾਂ ਦੇ ਪ੍ਰਭਾਵਿਤ ਹੋਣ ਦੀ ਵੀ ਖਬਰ
ਤੇਲ ਅਵੀਵ, 19 ਜੂਨ, ਪੰਜਾਬੀ ਦੁਨੀਆ ਬਿਊਰੋ:
ਇਜ਼ਰਾਈਲ ਉਪਰ ਈਰਾਨ ਵੱਲੋਂ ਅੱਜ ਵੀਰਵਾਰ ਨੂੰ ਇਕ ਵੱਡਾ ਮਿਜ਼ਾਈਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਰਾਨ ਵੱਲੋਂ ਕੀਤੇ ਤਾਜ਼ਾ ਹਮਲੇ ਦੌਰਾਨ ਸਵੇਰੇ ਦੱਖਣੀ ਇਜ਼ਰਾਈਲੀ ਸ਼ਹਿਰ ਬੇਰਸ਼ੇਬਾ ਦੇ ਸਭ ਤੋਂ ਵੱਡੇ ਹਸਪਤਾਲ ਸੋਰੋਕਾ ਹਸਪਤਾਲ ਨੂੰ ਬੈਲਿਸਟਿਕ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਹਸਪਤਾਲ ਨੂੰ ਵੱਡਾ ਨੁਕਸਾਨ ਪੁੱਜਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹਨਾਂ ਹਮਲਿਆਂ ਵਿਚ ਇਜ਼ਰਾਈਲ ਭਰ ਵਿੱਚ ਤੇਲ ਅਵੀਵ, ਰਾਮਤ ਗਾਨ, ਹੋਲੋਨ ਅਤੇ ਬੇਰਸ਼ੇਬਾ ਤੋਂ ਵੱਡੇ ਨੁਕਸਾਨ ਹੋਣ ਅਤੇ ਘੱਟੋ-ਘੱਟ 47 ਲੋਕ ਜ਼ਖਮੀ ਹੋਏ ਹਨ।
ਇਜ਼ਰਾਈਲ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਈਰਾਨੀ ਹਮਲਿਆਂ ਵਿੱਚ ਨੁਕਸਾਨ ਤੋਂ ਬਾਅਦ, ਨੇਤਨਯਾਹੂ ਨੇ ਬਦਲਾ ਲੈਣ ਦੀ ਗੱਲ ਆਖੀ ਹੈ।
ਇਜ਼ਰਾਇਲ ਦੇ ਸੋਰੋਕਾ ਹਸਪਤਾਲ ਦੇ ਇੱਕ ਬੁਲਾਰੇ ਨੇ ਕਿਹਾ, “ਹਸਪਤਾਲ ‘ਤੇ ਹਮਲਾ ਹੋਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਆਪਕ ਨੁਕਸਾਨ ਹੋਇਆ ਹੈ।” “ਅਸੀਂ ਇਸ ਸਮੇਂ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ, ਜਿਸ ਵਿੱਚ ਕਾਫੀ ਲੋਕ ਜ਼ਖ਼ਮੀ ਹੋਏ ਹਨ।” ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹਸਪਤਾਲ ਅਧਿਕਾਰੀਆਂ ਨੇ ਜਨਤਾ ਨੂੰ ਹਸਪਤਾਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।