
ਬੀਜਿੰਗ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਅਮਰੀਕਾ ਅਤੇ ਚੀਨ ਦਰਮਿਆਨ ਵਪਾਰ ਟੈਰਿਫ ਯੁੱਧ ਵਧਦਾ ਹੀ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬੀਤੇ ਦਿਨੀਂ ਚੀਨ ਉਪਰ 125% ਵਪਾਰ ਟੈਰਿਫ ਲਗਾਏ ਜਾਣ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਚੀਨ ਨੇ ਵੀ ਅਮਰੀਕੀ ਸਾਮਾਨ ਦੇ ਆਯਾਤ ‘ਤੇ 125% ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਵੱਲੋਂ ਅਮਰੀਕੀ ਸਾਮਾਨ ‘ਤੇ ਵਧੇ ਹੋਏ ਟੈਰਿਫ, ਜੋ ਕਿ 84% ਤੋਂ ਵੱਧ ਕੇ 125% ਪ੍ਰਤੀਸ਼ਤ ਹੋ ਗਏ ਹਨ, 12 ਅਪ੍ਰੈਲ ਤੋਂ ਲਾਗੂ ਹੋਣਗੇ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਬੀਜਿੰਗ ਨੇ ਸਪੱਸ਼ਟ ਕੀਤਾ ਹੈ ਕਿ ਉਸਦਾ ਇਸਨੂੰ ਹੋਰ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਜੇਕਰ ਅਮਰੀਕਾ ਉੱਚ ਟੈਰਿਫ ਲਗਾਉਣਾ ਜਾਰੀ ਰੱਖਦਾ ਹੈ, ਤਾਂ ਵੀ ਇਸਦਾ ਆਰਥਿਕ ਅਰਥ ਨਹੀਂ ਰਹੇਗਾ ਅਤੇ ਇਹ ਵਿਸ਼ਵ ਅਰਥਵਿਵਸਥਾ ਦੇ ਇਤਿਹਾਸ ਵਿੱਚ ਇੱਕ ਮਜ਼ਾਕ ਬਣ ਜਾਵੇਗਾ।”