
ਚੰਡੀਗੜ੍ਹ/ਮੋਹਾਲੀ, 2 ਜੁਲਾਈ, ਅਮਨਦੀਪ ਸਿੰਘ :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਸੱਤ ਦਿਨਾਂ ਦਾ ਵਿਜੀਲੈਂਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ, ਇਸ ਲਈ ਅੱਜ ਮਜੀਠੀਆ ਦੀ ਮੋਹਾਲੀ ਅਦਾਲਤ ਵਿਚ ਪੇਸ਼ੀ ਹੈ। ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੋਹਾਲੀ ਜਾ ਰਹੇ ਅਨੇਕਾਂ ਅਕਾਲੀ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਨਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹਨ।
ਸੁਖਬੀਰ ਬਾਦਲ ਨੂੰ ਚੰਡੀਗੜ੍ਹ-ਮੋਹਾਲੀ ਸਰਹੱਦ ਨੇੜੇ ਹਿਰਾਸਤ ਵਿੱਚ ਲਿਆ ਗਿਆ ਸੀ। ਮੋਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਉਨ੍ਹਾਂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵਰਕਰਾਂ ਨੂੰ ਬੱਸ ਵਿੱਚ ਮੋਹਾਲੀ ਥਾਣੇ ਲੈ ਗਏ। ਬਾਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸੂਬੇ ‘ਚ ਅਣਐਲਾਨੀ ਐਮਰਜੈਂਸੀ ਲਗਾਉਣ ਦਾ ਦੋਸ਼ ਲਾਇਆ।
ਵਿਜੀਲੈਂਸ ਬਿਊਰੋ ਦੇ ਦਫ਼ਤਰ ਅਤੇ ਮੁਹਾਲੀ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ।
ਦੱਸਣਯੋਗ ਹੈ ਕਿ ਮਜੀਠੀਆ ਖਿਲਾਫ ਦਰਜ ਐਫਆਈਆਰ ਵਿੱਚ ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਨੂੰ ਕਈ ਤਰੀਕਿਆਂ ਨਾਲ ਲਾਂਡਰ ਕੀਤਾ ਗਿਆ ਸੀ ਅਤੇ ਮਜੀਠੀਆ ਨੇ ਕਥਿਤ ਤੌਰ ‘ਤੇ ਸਹਾਇਤਾ ਕੀਤੀ ਸੀ।