
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਮੁਨੀਸ਼ ਤਿਵਾੜੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 8 ਜੂਨ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਨਗਰ ਨਿਗਮ ਅਧੀਨ ਵਾਰਡ ਨੰਬਰ 30 ਵਿੱਚ ਐਮ.ਪੀ. ਲੈਡ ਕੋਟੇ ਵਿੱਚੋਂ ਸੈਕਟਰ 41-ਏ, 41-ਬੀ ਅਤੇ ਪਿੰਡ ਬੁਟੇਰਲਾ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਗਵਾਏ ਗਏ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਵੱਲੋਂ ਕੀਤਾ ਗਿਆ। ਸੈਕਟਰ 41 ਵਿਖੇ ਕਰਵਾਏ ਗਏ ਉਦਘਾਟਨੀ ਸਮਾਗਮ ਵਿੱਚ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਹਾਜ਼ਰ ਸਨ।
ਇਸ ਦੌਰਾਨ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸ੍ਰੀ ਤਿਵਾੜੀ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਐਮ.ਪੀ. ਲੈਡ ਕੋਟੇ ਵਿੱਚੋਂ 5 ਲੱਖ ਰੁਪਏ ਦੀ ਲਾਗਤ ਨਾਲ ਇਹ ਕੈਮਰੇ ਲਗਾਏ ਗਏ ਹਨ। ਹੁਣ ਇਨ੍ਹਾਂ ਕੈਮਰਿਆਂ ਕਰਕੇ ਇਲਾਕੇ ਵਿੱਚ ਸੁਰੱਖਿਆ ਵਧੇਗੀ ਅਤੇ ਅਪਰਾਧਿਕ ਘਟਨਾਵਾਂ ਘਟਣਗੀਆਂ। ਕੌਂਸਲਰ ਬੁਟੇਰਲਾ ਨੇ ਇਹ ਵੀ ਦੱਸਿਆ ਕਿ ਵਾਰਡ ਨੰਬਰ 30 ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਵਾਉਣ ਲਈ 10 ਲੱਖ ਰੁਪਏ ਦੀ ਹੋਰ ਗ੍ਰਾਂਟ ਲੈਣ ਲਈ ਪੱਤਰ ਲਿਖਿਆ ਜਾ ਚੁੱਕਿਆ ਹੈ।
ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਕ੍ਰਿਸ਼ਨਾ ਮਾਰਕੀਟ ਵਿੱਚ ਵੀ ਗਏ, ਜਿੱਥੇ ਉਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਦੁਕਾਨਦਾਰਾਂ ਨੇ ਮਾਰਕੀਟ ਵਿੱਚ ਸ਼ੈੱਡ ਬਣਵਾਉਣ ਦੀ ਮੰਗ ਉਠਾਈ।
ਅਖੀਰ ਵਿੱਚ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਦਾ ਵਿਸ਼ੇਸ਼ ਧੰਨਵਾਦ ਕੀਤਾ।