
ਚੰਡੀਗੜ੍ਹ ਯੂਨੀਵਿਰਸਿਟੀ ’ਚ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ-2025 ਦਾ ਆਗਾਜ਼
ਚੰਡੀਗੜ੍ਹ, 6 ਜੂਨ, ਮਨਜੀਤ ਸਿੰਘ ਚਾਨਾ :
ਚੰਡੀਗੜ੍ਹ ਯੂਨੀਵਰਸਿਟੀ ’ਚ ਅੱਜ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ-2025 ਦਾ ਆਗਾਜ਼ ਹੋਇਆ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਮਨ ਐਂਟਰੈਂਸ ਟੈਸਟ (ਸੀਯੂਸੀਈਟੀ) ’ਚ ਮੈਰਿਟ ’ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੀਯੂਸੀਈਟੀ ਦੇ ਪਹਿਲੇ ਚਰਨ ’ਚ ਭਾਰਤ ਦੇ 20 ਸੂਬਿਆਂ ਦੇ 2516 ਵਿਦਿਆਰਥੀਆਂ ਨੇ ਸਕਾਲਰਸ਼ਿਪ ਹਾਸਲ ਕੀਤੀ ਹੈ ਜਿਨ੍ਹਾਂ ’ਚ 918 ਲੜਕੀਆਂ ਸ਼ਾਮਲ ਹਨ। ਇਹ ਸਕਾਲਰਸ਼ਿਪ 110 ਸਟਰੀਮਾਂ ’ਚ ਯੂਜੀ ਅਤੇ ਪੀਜੀ ਕੋਰਸਾਂ ਵਿਚ ਦਿੱਤੀ ਗਈ ਹੈ।ਭਾਰਤ ਦੀ ਨੰਬਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਦੀ ਯੋਗਤਾ ਨੂੰ ਮਾਨਤਾ ਦੇਣ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ 210 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। 6 ਜੂਨ ਤੋਂ 8 ਜੂਨ ਤੱਕ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਸਮਿਟ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੁਆਰਾ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ।
ਸੀਯੂ ਸਕਾਲਰਜ਼ ਸਮਿਟ ਦੇ ਪਹਿਲੇ ਦਿਨ ਵੱਖ-ਵੱਖ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਨਿਰਮਾਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।ਪ੍ਰਸਿੱਧ ਬੁਲਾਰਿਆਂ, ਉਦਯੋਗ ਮਾਹਰਾਂ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨਾਲ ਸੈਸ਼ਨਾਂ ਵਿੱਚ ਹਿੱਸਾ ਲਿਆ।ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਆਈਏਐਸ ਅਧਿਕਾਰੀ ਸੋਨਲ ਗੋਇਲ, ਗੌਰਵ ਤਨੇਜਾ (ਫਲਾਇੰਗ ਬੀਸਟ), ਗਾਇਕਾ ਅਤੇ ਅਭਿਨੇਤਰੀ ਖੁਸ਼ਬੂ ਗਰੇਵਾਲ, ਅਭਿਨੇਤਾ ਬਿੰਨੂ ਢਿੱਲੋਂ, ਗਾਇਕ ਜੀ ਖਾਨ, ਅਤੇ ਅਭਿਨੇਤਰੀ ਕਨਿਕਾ ਮਾਨ ਸ਼ਾਮਲ ਰਹੇ।

ਸਮਿਟ ਦੌਰਾਨ ਆਪਣੇ ਸੰਬੋਧਨ ’ਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉੱਚ ਸਿੱਖਿਆ ਨੂੰ ਸਾਰਿਆਂ ਤੱਕ ਪਹੁੰਚਯੋਗ ਬਣਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਵਿਕਸਿਤ ਭਾਰਤ ਦੀ ਅਸੀਂ ਕਲਪਨਾ ਕਰ ਰਹੇ ਹਾਂ, ਚੰਡੀਗੜ੍ਹ ਯੂਨੀਵਰਸਿਟੀ ਦਾ ਸੰਚਾਲਨ ਕਰਨ ਵਾਲਿਆਂ ਨੇ ਉਸ ਨੂੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੜਨ ਆਉਂਦੇ ਹਨ ਕਿਉਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਪੱਧਰ ’ਤੇ ਟਾਪ ਦੀਆਂ ਯੂਨੀਵਰਸਿਟੀਆਂ ’ਚ ਆਪਣਾ ਸਥਾਨ ਬਣਾਇਆ ਹੈ। ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿਚ ਵੀ 60 ਦੇਸ਼ਾਂ, ਭਾਰਤ ਦੇ ਅਹਿਮ ਸੂਬਿਆਂ ਅਤੇ ਕੇਦਰ ਸ਼ਾਸਤ ਪ੍ਰਦੇਸ਼ਾਂ ਤੋਂ ਵਿਦਿਆਰਥੀ ਸਿੱਖਿਆ ਹਾਸਲ ਕਰਨ ਪਹੁੰਚ ਰਹੇ ਹਨ। ਯੂਨੀਵਰਸਿਟੀ ਵਲੋਂ ਇਸ ਅਕਾਦਮਿਕ ਸ਼ੈਸਨ ਦੌਰਾਨ 210 ਕਰੋੜ ਰੁਪਏ ਦੀ ਸਕਾਲਸ਼ਿਪ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਜਿਸ ਨੇ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਨੂੰ ਵੀ ਪਿੱਛੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਮਾਤਾ ਪਿਤਾ ਇਹ ਚਹੁੰਦੇ ਹਨ ਕਿ ਉਨ੍ਹਾਂ ਦੀਆਂ ਬੱਚੀਆਂ ਨੂੰ ਪੜਾਈ ਲਈ ਸੁਰੱਖਿਆ ਅਤੇ ਸਹੀ ਵਾਤਾਵਰਨ ਮਿਲੇ ਜੋ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ 4300 ਪੇਟੈਂਟਾਂ ਦਾ ਜਿਕਰ ਕਰਦਿਆ ਕਿਹਾ ਕਿ ਸਿੱਖਿਆ ਦੇ ਨਾਲ ਯੂਨੀਵਰਸਿਟੀ ਰਿਸਰਚ ਵਿਚ ਵੀ ਅੱਗੇ ਵੱਧ ਰਹੀ ਹੈ ਜੋ ਆਉਣ ਵਾਲੇ ਭਵਿੱਖ ਲਈ ਬਹੁਤ ਜਰੂਰੀ ਹੈ। ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ। ਰਾਜਪਾਲ ਨੇ ਸਕਾਲਰਸ਼ਿਪ ਦੇ ਮਹੱਤਵਪੂਰਨ ਪ੍ਰਭਾਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਬਾਰ੍ਹਵੀਂ ਜਮਾਤ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਆਰਥਿਕ ਤੰਗੀ ਕਾਰਨ ਕਈ ਵਿਦਿਆਰਥੀਆਂ ਆਪਣੀ ਪੜਾਈ ਛੱਡ ਦਿੰਦੇ ਹਨ ਪਰ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਰਾਹੀ ਅਜਿਹਾ ਹੋਣਾ ਘੱਟ ਹੋਵੇਗਾ।
ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸੀਯੂ ਸਕਾਲਰਜ਼ ਸਮਿਟ- 2025 ’ਚ ਪਹੁੰਚੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਉੱਚ ਰੈਕਿੰਗ ਪ੍ਰਾਪਤ ਕਰਨਾ ਨਹੀਂ, ਸਗੋਂ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਖੋਜ ਅਤੇ ਨਿਰਮਾਣ ਕਰਨਾ ਹੈ ਜੋ ਤਕਨਾਲੋਜੀ, ਨੀਤੀ ਨਿਰਮਾਣ ਅਤੇ ਸਮਾਜ ਸੇਵਾ ’ਚ ਵਿਕਸਿਤ ਭਾਰਤ ਦੀ ਅਗਵਾਈ ਕਰਨਗੇ। ਇਹੀ ਕਾਰਨ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਲੱਭ ਕੇ ਸਕਾਲਰਸ਼ਿਪ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਭਵਿੱਖ ’ਚ ਆਪਣੇ ਖੇਤਰਾਂ ’ਚ ਲੀਡਰ ਬਨਣ ਦੇ ਸਮਰੱਥ ਬਣਾਉਂਦੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦਾਹਰਨ ਦਿੰਦਿਆਂ ਕਿਹਾ, ਉਨ੍ਹਾਂ ਨੇ ਆਮ ਪਿਛੋਕੜ ਤੋਂ ਉੱਠ ਕੇ ਦੇਸ਼ ਨੂੰ ਦੁਨੀਆ ਦੀ ਚੌਥੀ ਅਰਥਵਿਵਸਥਾ ਬਣਾ ਦਿੱਤਾ ਹੈ ਅਤੇ ਆਉਣ ਵਾਲੇ ਤਿੰਨ-ਚਾਰ ਸਾਲਾਂ ਵਿੱਚ ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਧਿਆਨ ਦਾ ਕੇਂਦਰ ਦੇਸ਼ ਅਤੇ ਦੇਸ਼ ਦੇ ਨੌਜਵਾਨ ਹਨ।ਉਨ੍ਹਾਂ ਕਿਹਾ ਕਿ ਦੇਸ਼ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਹਰ ਖੇਤਰ ਵਿਚ ਨੰਬਰ ਇੱਕ ’ਤੇ ਹੈ, ਕਿਉਕਿ ਇਸ ਯੂਨੀਵਰਸਿਟੀ ਵਿਚ ਹਮੇਸਾ ਨੰਬਰ 1 ਵਿਦਿਆਰਥੀ ਪੜਾਈ ਲਈ ਆਏ ਹਨ। ਚੰਡੀਗੜ੍ਹ ਯੂਨੀਵਰਸਿਟੀ ਸੀਯੂਸੀਈਟੀ 2025 ਸਕਾਲਰਸ਼ਿਪ ਦਾ ਉਦੇਸ਼ ਵੀ ਯੋਗ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉੱਚ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਨੂੰ ਸਰਲ ਬਣਾਉਣਾ ਹੈ।