
ਚੰਡੀਗੜ੍ਹ, 29 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਸਿਟੀ ਬਿਊਟੀਫੁੱਲ ਵਿੱਚ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਮੌਤ ਦਰ ਜ਼ਿਆਦਾ ਹੈ। ਇਸ ਦੀ ਜਾਣਕਾਰੀ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਬਾਅਦ ਸਾਹਮਣੇ ਆਈ ਹੈ।
ਅੰਕੜਿਆਂ ਅਨੁਸਾਰ, 2024 ਵਿੱਚ ਸ਼ਹਿਰ ਵਿੱਚ ਕੁੱਲ 19,375 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 12,445 ਮਰਦ ਅਤੇ 6,930 ਔਰਤਾਂ ਸ਼ਾਮਲ ਸਨ। ਅੰਕੜਿਆਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਲਿੰਗ ਅਸਮਾਨਤਾ ਘੱਟੋ-ਘੱਟ ਪਿਛਲੇ ਚਾਰ ਸਾਲਾਂ ਤੋਂ ਇਸੇ ਪ੍ਰਕਾਰ ਬਣੀ ਹੋਈ ਹੈ।
ਸਾਲ 2021 ਵਿੱਚ, ਕੁੱਲ 18,174 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 11,668 ਮਰਦ ਸਨ ਜਦਕਿ 6,506 ਔਰਤਾਂ ਸਨ। 2022 ਵਿੱਚ ਕੁੱਲ 17,529 ਮੌਤਾਂ ਹੋਈਆਂ, ਜਿਨ੍ਹਾਂ ਵਿੱਚ 11,422 ਪੁਰਸ਼ ਅਤੇ 6,107 ਔਰਤਾਂ ਸਨ। ਇਸੇ ਤਰ੍ਹਾਂ 2023 ਵਿੱਚ ਕੁੱਲ 17,925 ਮੌਤਾਂ ਵਿੱਚੋਂ ਪੁਰਸ਼ 11,564 ਅਤੇ ਔਰਤਾਂ 6,361 ਸਨ। ਕਈ ਅਧਿਐਨ ਦਰਸਾਉਂਦੇ ਹਨ ਕਿ ਔਰਤਾਂ, ਮਰਦਾਂ ਦੇ ਮੁਕਾਬਲੇ ਜ਼ਿਆਦਾ ਦੇਰ ਤੱਕ ਜਿਉਂਦੀਆਂ ਰਹਿੰਦੀਆਂ ਹਨ।