
ਚੰਡੀਗੜ੍ਹ, 2 ਮਈ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਭਰ ਦੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਮਚਾਰੀਆਂ ਦਾ ਬੈਂਕ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਛੇਵਾਂ ਪੇ-ਕਮਿਸ਼ਨ ਲਾਗੂ ਨਾ ਕਰਨ, ਮੁਲਾਜ਼ਮਾਂ ਦੀਆਂ ਤਰੱਕੀਆਂ ਨਾ ਕਰਨ ਅਤੇ ਬੈਂਕ ਦੇ ਕਰਜਾ ਵੰਡ ਪ੍ਰੋਗਰਾਮ ਜਾਰੀ ਨਾ ਕਰਨ ਸਬੰਧੀ ਕੀਤੀ ਜਾ ਰਹੀ ਟਾਲ-ਮਟੋਲ ਦੀ ਨੀਤੀ ਨੂੰ ਦੇਖਦਿਆਂ ਰੋਸ ਵਜੋਂ ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ, ਪੰਜਾਬ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਸ. ਧਰਮਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਸ਼੍ਰੀਮਤੀ ਮਨਦੀਪ ਕੌਰ ਅਤੇ ਵਿੱਤ ਸਕੱਤਰ ਸ. ਵਿਸ਼ਵਦੀਪ ਸਿੰਘ ਬਰਾੜ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਮਿਤੀ 15 ਅਪ੍ਰੈਲ ਤੋਂ ਉਪਰੋਕਤ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਵਾਂ ਪੇ-ਕਮਿਸ਼ਨ ਆਪਣੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਉਪਰ ਮਿਤੀ 01.07.2021 ਤੋਂ ਲਾਗੂ ਕੀਤਾ ਹੋਇਆ ਹੈ, ਪਰ ਉਸ ਸਮੇਂ ਤੋਂ ਹੀ ਇਸ ਬੈਂਕ ਦੇ ਕਰਮਚਾਰੀਆਂ ਨੂੰ ਅਣਗੌਲਿਆਂ ਕੀਤਾ ਗਿਆ ਹੈ, ਜਿਸ ਸਬੰਧੀ ਯੂਨੀਅਨ ਵੱਲੋਂ ਮਿਤੀ 25.04.2024 ਦਿਨ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ/ ਸਹਿਕਾਰਤਾ ਮੰਤਰੀ ਸ. ਭਗਵੰਤ ਮਾਨ ਜੀ ਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਜੀ ਦੀਆਂ ਸੰਗਰੂਰ ਸਥਿਤ ਰਿਹਾਇਸ਼ਾਂ ਵਿਖੇ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਬੈਂਕ ਮੁਲਾਜ਼ਮਾਂ ਵਾਸਤੇ ਛੇਵਾਂ ਪੇ-ਕਮਿਸ਼ਨ ਲਾਗੂ ਕਰਨ, ਬੈਂਕ ਦੀ ਕਰਜਾ ਵੰਡ ਸ਼ੁਰੂ ਕਰਵਾਉਣ ਅਤੇ ਹੋਰ ਦੂਸਰੀਆਂ ਜਾਇਜ਼ ਮੰਗਾਂ ਸਬੰਧੀ ਯੂਨੀਅਨ ਵੱਲੋਂ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਯੂਨੀਅਨ ਦੇ ਹੜਤਾਲ ਪ੍ਰੋਗਰਾਮ ਸਬੰਧੀ ਸਮੇਂ-ਸਮੇਂ ਜਾਣਕਾਰੀ ਵੀ ਦਿੱਤੀ ਗਈ ਪਰ ਪਤਾ ਨਹੀਂ ਕਿਸ ਪੱਧਰ ਤੇ ਬੈਂਕ ਕਰਮਚਾਰੀਆਂ ਦੀ ਪੇ-ਕਮਿਸ਼ਨ ਵਾਲੀ ਫਾਈਲ ਵਿੱਚ ਖੜੋਤ ਆਈ ਹੈ।
ਇਸ ਸਬੰਧੀ ਸੂੂਬਾ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਉਕਤ ਫਾਈਲ ਦੀ ਸਿਰਫ ਪ੍ਰਵਾਨਗੀ ਹੀ ਦੇਣੀ ਹੈ ਜਦੋਂ ਕਿ ਇਸ ਉਪਰ ਆਉਣ ਵਾਲੇ ਖਰਚੇ ਦਾ ਕੋਈ ਵਿੱਤੀ ਬੋਝ ਪੰਜਾਬ ਦੇ ਸਰਕਾਰੀ ਖਜ਼ਾਨੇ ਉਪਰ ਨਹੀਂ ਪਵੇਗਾ। ਇਸ ਸਬੰਧੀ ਸੂਬਾ ਪ੍ਰਧਾਨ ਨੇ ਦੱਸਿਆ ਕਿ ਮਿਤੀ 01.05.2024 ਨੂੰ ਉਨ੍ਹਾਂ ਦੀ ਅਗਵਾਈ ਹੇਠ ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ, ਪੰਜਾਬ ਦੇ ਸਮੂਹ ਈ.ਸੀ ਮੈਂਬਰਾਂ/ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ.ਸੀ. ਮੀਟਿੰਗ ਹੋਈ ਜਿਸ ਵਿੱਚ ਯੂਨੀਅਨ ਦੇ ਮੁੱਖ ਆਹੁੱਦੇਦਾਰਾਂ ਸਮੇਤ ਸਮੁੱਚੇ ਈ.ਸੀ ਮੈਂਬਰਾਂ/ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਵੇਂ ਕਿ ਮੁਲਾਜ਼ਮਾਂ ਦੀ ਮੁੱਖ ਮੰਗ ਜੋ ਕਿ ਛੇਵਾਂ ਪੇ-ਕਮਿਸ਼ਨ ਲਾਗੂ ਕਰਵਾਉਣ ਸਬੰਧੀ ਹੈ, ਦੀ ਫਾਈਲ ਜੋ ਮੁੱਖ ਮੰਤਰੀ ਦਫਤਰ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਵਿਚਾਰ-ਅਧੀਨ ਹੈ, ਦਾ ਸਮੇਂ ਸਿਰ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਸਰਕਾਰ ਵੱਲੋਂ ਢਿੱਲ-ਮੱਠ ਦੀ ਨੀਤੀ ਅਪਣਾਈ ਜਾ ਰਹੀ ਹੈ, ਨੂੰ ਦੇਖਦਿਆਂ ਇਸ ਯੂਨੀਅਨ ਵੱਲੋਂ ਮੀਟਿੰਗ ਵਿੱਚ ਆਉਂਦੇ ਦਿਨਾਂ ਵਿੱਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਭਰ ਦੇ ਸਮੂਹ ਲੋਕ ਸਭਾ ਉਮੀਦਵਾਰਾਂ ਦਾ ਸਖਤ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸਦੇ ਪਹਿਲੇ ਪੜਾਅ ਤਹਿਤ ਮਿਤੀ 07.05.2024 ਤੋਂ ਲੋਕ ਸਭਾ ਹਲਕਾ ਫਰੀਦਕੋਟ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਕਰਮਜੀਤ ਸਿੰਘ ਅਨਮੋਲ ਦੇ ਖਿਲਾਫ ਵੱਡਾ ਰੋਸ ਧਰਨਾ ਦਿੰਦੇ ਹੋਏੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਾਹਿਰ ਕੀਤਾ ਜਾਵੇਗਾ ਅਤੇ ਸਰਕਾਰ/ ਆਮ ਆਦਮੀ ਪਾਰਟੀ ਦੇ ਖਿਲਾਫ ਸਖਤ ਨਾਅਰੇਬਾਜ਼ੀ ਕੀਤੀ ਜਾਵੇਗੀ।
ਪ੍ਰਧਾਨ ਨੇ ਅੱਗੇ ਦੱਸਿਆ ਕਿ ਬੈਂਕ ਦੀ ਹਾੜ੍ਹੀ ਦੀ ਵਸੂਲੀ ਜੋ ਇਸ ਸਮੇਂ ਸਿਖਰਾਂ ਤੇ ਹੁੰਦੀ ਹੈ, ਦਾ ਜੋ ਵਿੱਤੀ ਨੁਕਸਾਨ ਪੰਜਾਬ ਦੀ ਇਸ ਬੈਂਕ ਨੂੰ ਹੋਵੇਗਾ, ਉਸ ਸਬੰਧੀ ਬੈਂਕ ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ।