
ਦਿਲਜੀਤ ਦੋਸਾਂਝ ਨੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਲਿਆ ਗੋਦ
ਚੰਡੀਗੜ੍ਹ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਵਿੱਚ ਹੜ੍ਹ ਕਾਰਨ ਹੋਈ ਭਿਆਨਕ ਤਬਾਹੀ ਨੂੰ ਦੇਖਦੇ ਹੋਏ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ 10 ਪਿੰਡ ਗੋਦ ਲੈ ਲਏ ਹਨ। ਉਹ ਐੱਨ.ਜੀ.ਓਜ਼. ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਖਾਣ-ਪੀਣ, ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਵਸਤੂਆਂ ਮੁਹੱਈਆ ਕਰਵਾ ਰਹੇ ਹਨ। ਨਾਲ ਹੀ ਪੁਨਰਵਾਸ ਅਤੇ ਲੰਬੇ ਸਮੇਂ ਦੇ ਪੁਨਰ ਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ। ਇਸ ਮੁਹਿੰਮ ਬਾਰੇ ਦਿਲਜੀਤ ਦੀ ਟੀਮ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਲਿਖਿਆ — “Together, we can rebuild.”
ਦਿਲਜੀਤ ਦੁਸਾਂਝ ਤੋਂ ਇਲਾਵਾ ਹੋਰ ਪੰਜਾਬੀ ਕਲਾਕਾਰ ਅਤੇ ਸਿਤਾਰੇ ਵੀ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ, ਜਿਹਨਾਂ ਵਿੱਚ ਗਾਇਕ-ਅਦਾਕਾਰ ਐਮੀ ਵਿਰਕ ਦੀ ਟੀਮ ਨੇ ਵੀ 200 ਘਰ ਗੋਦ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਛੱਤ ਨਹੀਂ, ਸਗੋਂ ਲੋਕਾਂ ਨੂੰ ਉਮੀਦ ਅਤੇ ਇੱਜ਼ਤ ਦੇ ਕੇ ਮੁੜ ਸ਼ੁਰੂਆਤ ਕਰਨ ਦੀ ਕੋਸ਼ਿਸ਼ ਹੈ। ਨਾਲ ਹੀ ਅਦਾਕਾਰਾ ਸੋਨਮ ਬਾਜਵਾ, ਗਿੱਪੀ ਗਰੇਵਾਲ, ਕਰਨ ਔਜਲਾ, ਗੁਰਦਾਸ ਮਾਨ, ਰਣਜੀਤ ਬਾਵਾ, ਸੁਨੰਦਾ ਸ਼ਰਮਾ, ਰੇਸ਼ਮ ਸਿੰਘ ਅਨਮੋਲ ਆਦਿ ਕਲਾਕਾਰਾਂ ਨੇ ਹੜ੍ਹ ਪ੍ਰਭਾਵਿਤ ਸਾਰੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਹੱਥ ਅੱਗੇ ਵਧਾਇਆ ਹੈ।