
ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਨਹੀਂ ਖੋਹਣ ਦਿਆਂਗੇ: ਵੜਿੰਗ
ਭਗਵੰਤ ਮਾਨ ਸਰਕਾਰ LAAR ਕਲੌਜ਼ ਰਾਹੀਂ ਜ਼ਮੀਨ ਜ਼ਬਰਨ ਲੈਣ ਦੀ ਤਿਆਰੀ ਵਿਚ: ਬਾਜਵਾ
ਮੋਹਾਲੀ, 21 ਜੁਲਾਈ, ਮਨਜੀਤ ਸਿੰਘ ਚਾਨਾ:
ਸਰਕਾਰ ਦੀ “ਲੈਂਡ ਪੁਲਿੰਗ” ਨੀਤੀ ਦੇ ਵਿਰੋਧ ‘ਚ ਕਾਂਗਰਸ ਵੱਲੋਂ ਅੱਜ ਮੋਹਾਲੀ ‘ਚ ਗਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਫ਼ਤਰ ਸਾਹਮਣੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਸੀਨੀਅਰ ਆਗੂਆਂ ਦੇ ਨਾਲ ਮਿਲ ਕੇ ਵਿਰੋਧੀਆਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੈਂਡ ਪੁਲਿੰਗ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਵੜਿੰਗ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੋ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਲੁੱਟਣ ਲਈ ਬਣਾਈ ਗਈ ਹੈ। “ਇਹ ਲੈਂਡ ਪੁਲਿੰਗ ਨਹੀਂ, ਲੈਂਡ ਲੁੱਟਣ ਦੀ ਨੀਤੀ ਹੈ। ਦੱਸੋ ਕੌਣ ਆਪਣੀ ਇੱਕ ਏਕੜ ਕੀਮਤੀ ਜ਼ਮੀਨ ਸਿਰਫ਼ 1000 ਗਜ਼ ਦੇ ਬਦਲੇ ਦੇਵੇਗਾ?” ਵੜਿੰਗ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ “ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਲਈ ਕੁਝ ਵੀ ਕਰ ਸਕਦਾ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ‘ਚ ਪੂਰੀ ਤਰ੍ਹਾਂ ਖੜੀ ਹੈ।”
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, “ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ, ਜਦ ਕਿ ਅਸਲ ਚ ‘LAAR’ ਨਾਂ ਦੀ ਇੱਕ ਕਲੌਜ਼ ਜੋੜੀ ਗਈ ਹੈ, ਜਿਸ ਰਾਹੀਂ ਸਰਕਾਰ ਜ਼ਮੀਨ ਜ਼ਬਰਨ ਵੀ ਲੈ ਸਕਦੀ ਹੈ।” ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ਼ “ਲੈਂਡ ਲੂਟ” ਹੈ, ਅਤੇ ਇਸਦੀ ਕੋਈ ਲੋੜ ਹੀ ਨਹੀਂ ਸੀ।
ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਮੈਮੋਰੈਂਡਮ GMADA ਦੇ ਐਡਮਿਨਿਸਟਰੇਟਰ ਨੂੰ ਦਿੱਤਾ ਗਿਆ, ਜਿਸ ‘ਚ ਮੰਗ ਕੀਤੀ ਗਈ ਕਿ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਮੈਮੋਰੈਂਡਮ ਵਿੱਚ ਲਿਖਿਆ ਕਿ ਇਹ ਨੀਤੀ ਪੰਜਾਬ ਲਈ ਵਾਤਾਵਰਣਕ ਤੇ ਆਰਥਿਕ ਤੌਰ ‘ਤੇ ਤਬਾਹੀ ਲਿਆਉਣ ਵਾਲੀ ਹੈ।
ਜਨਤਾ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, “ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ, ਅਸੀਂ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ। ਅਸੀਂ ਇਹ ਜ਼ੁਲਮ ਰੋਕਣ ਲਈ ਖੂਨ ਤੱਕ ਦੇਣ ਨੂੰ ਤਿਆਰ ਹਾਂ।
ਇਸ ਮੌਕੇ ‘ਤੇ ਕਾਂਗਰਸ ਦੇ ਕਈ ਸੀਨੀਅਰ ਆਗੂ ਜਿਨ੍ਹਾਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਸਚਿਵ ਰਵਿੰਦਰ ਡਲਵੀ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਬਲਬੀਰ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਗੁਰਕੀਰਤ ਕੋਟਲੀ, ਕਾਕਾ ਰਣਦੀਪ ਨਾਭਾ, ਸਾਧੂ ਸਿੰਘ ਧਰਮਸੋਤ, ਜਸਬੀਰ ਡਿੰਪਾ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਨਵਤੇਜ ਚੀਮਾ, ਕੁਲਦੀਪ ਵੈਦ, ਗਗਨਦੀਪ ਸਿੰਘ ਬੌਬੀ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮੋਹਿੰਦਰਾ, ਅਮਰਜੀਤ ਸਿੰਘ ਜੀਤੀ ਅਤੇ ਹੋਰ ਸ਼ਾਮਿਲ ਸਨ।