
ਮੀਡੀਆ ਕਲੱਬ ਪਟਿਆਲਾ ਵਿਖੇ 24 ਅਪ੍ਰੈਲ ਨੂੰ ਹੋਵੇਗੀ ਪ੍ਰੈਸ ਕਾਨਫਰੰਸ
ਮੋਹਾਲੀ, 19 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਰਾਜਨੀਤਿਕ ਵਿੰਗ ਜਨਰਲ ਵਰਗ ਪੰਜਾਬ ਦੀਆਂ ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰੈਸ ਕਾਨਫਰੰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿੰਗ ਵੱਲੋਂ 4 ਅਪ੍ਰੈਲ ਨੂੰ ਮੋਹਾਲੀ, 10 ਅਪ੍ਰੈਲ ਨੂੰ ਹੁਸ਼ਿਆਰਪੁਰ ਅਤੇ 17 ਅਪ੍ਰੈਲ ਨੂੰ ਬਠਿੰਡਾ ਵਿਖੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਚੁੱਕੀਆਂ ਹਨ। ਇਸੇ ਲੜੀ ਤਹਿਤ ਹੁਣ 24 ਅਪ੍ਰੈਲ ਨੂੰ ਦਿਨ ਦੇ 12 ਵਜੇ ਭਾਸੀ ਰੋਡ ਮੀਡੀਆ ਕਲੱਬ 6-ਡੀ, ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਹੋ ਰਹੀ ਹੈ। ਪ੍ਰੈੱਸ ਕਾਨਫਰੰਸ ਵਿੱਚ ਪੂਰੇ ਪੰਜਾਬ ਤੋਂ ਰਾਜਨੀਤਿਕ ਵਿੰਗ ਜਨਰਲ ਵਰਗ ਦੇ ਅਹੁਦੇਦਾਰ ਅਤੇ ਮੈਂਬਰ ਪਹੁੰਚ ਰਹੇ ਹਨ।
ਵਿੰਗ ਦੇ ਸੂਬਾਈ ਆਗੂਆਂ ਬਲਵੀਰ ਸਿੰਘ ਫੁਗਲਾਣਾ ਹੁਸ਼ਿਆਰਪੁਰ, ਜਸਵੀਰ ਸਿੰਘ ਗੜਾਂਗ ਮੋਹਾਲੀ ਅਤੇ ਜਗਦੀਸ਼ ਸਿੰਗਲਾ ਸੰਗਰੂਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਹਮੇਸ਼ਾਂ ਜਨਰਲ ਵਰਗ ਦੇ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਪਹਿਲੀ ਵਾਰ ਕਾਂਗਰਸ ਦੀ ਚੰਨੀ ਸਰਕਾਰ ਨੇ ਜਨਰਲ ਵਰਗ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਕਮਿਸ਼ਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਗਠਨ ਕੀਤਾ। ਕਾਲਜਾਂ ਵਿੱਚ ਪੜ੍ਹਦੇ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਮੈਰਿਟ ਦੇ ਆਧਾਰ ਤੇ ਵਜੀਫਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਅਤੇ ਜਨਰਲ ਤੇ ਬੀ.ਸੀ. ਮੁੰਡਿਆਂ ਲਈ ਅੱਠਵੀਂ ਜਮਾਤ ਤੱਕ ਦੇ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਦੇਣ ਦੀ ਸ਼ੁਰੂਆਤ ਕੀਤੀ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਜਨਰਲ ਵਰਗ ਲਈ ਬਣੇ ਕਮਿਸ਼ਨ ਨੂੰ ਦੋ ਸਾਲਾਂ ਦਾ ਸਮਾਂ ਬੀਤ ਜਾਣ ਤੇ ਵੀ ਸ਼ੁਰੂ ਨਹੀਂ ਕੀਤਾ ਗਿਆ। ਜਿਸ ਕਾਰਨ ਜਨਰਲ ਵਰਗ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵੇਲੇ ਜਨਰਲ ਵਰਗ ਦੇ ਵੋਟਰਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ ਪਰ ਪੰਜਾਬ ਸਰਕਾਰ ਜਨਰਲ ਵਰਗ ਦੇ ਵੋਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਸ ਵਿਤਕਰੇ ਨੂੰ ਵੇਖਦੇ ਹੋਏ ਸਾਨੂੰ ਰਾਜਨੀਤਿਕ ਵਿੰਗ ਜਨਰਲ ਵਰਗ ਦਾ ਗਠਨ ਕਰਨਾ ਪਿਆ ਜੋ ਕਿ ਪੂਰੇ ਪੰਜਾਬ ਵਿੱਚ ਜਨਰਲ ਵਰਗ ਦੇ ਵੋਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਵਿਤਕਰੇ ਬਾਰੇ ਜਾਗਰੂਕ ਕਰੇਗਾ।
ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਮਿਸ਼ਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਦਫਤਰੀ ਅਮਲਾ ਲਾ ਕੇ ਚੇਅਰਮੈਨ ਅਤੇ ਹੋਰ ਮੈਂਬਰ ਦੀਆਂ ਨਿਯੁਕਤੀਆਂ ਕਰਨ ਤਾਂ ਕਿ ਜਨਰਲ ਵਰਗ ਦੇ ਲੋਕਾਂ ਨੂੰ ਵੀ ਇਨਸਾਫ ਮਿਲ ਸਕੇ।