Breaking News
Smart Media Dashmesh Mohali Walk Smart Media Insurance Point Hardev Singh Ubha

ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਮੱਲਾਂ ਮਾਰਨ ਵਾਲੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ

ਐੱਸ.ਏ.ਐੱਸ.ਨਗਰ, 4 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਸਮਾਰੋਹ ਦੀ ਰਸਮੀ ਸ਼ੁਰੂਆਤ ਬੋਰਡ ਧੁਨੀ ਨਾਲ ਕੀਤੀ ਗਈ ਅਤੇ ਫੁੱਲਾਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਡਾ. ਹਰਿੰਦਰ ਸਿੰਘ, ਲੈਕਚਰਾਰ ਪੰਜਾਬੀ ਵੱਲੋੱ ਓਲੰਪੀਆਡ ਦੀ ਰਿਪੋਰਟ ਪੜ੍ਹਦੇ ਹੋਏ ਦੱਸਿਆ ਗਿਆ ਕਿ ਤਿੰਨ ਪੱਧਰ, ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਿੱਚ ਪੰਜਾਬੀ ਓਲੰਪੀਆਡ ਦੀ ਪ੍ਰੀਖਿਆ ਬੋਰਡ ਵੱਲੋਂ ਕਰਵਾਈ ਗਈ ਹੈ ਜਿਸ ਵਿੱਚ 33 ਵਿੱਦਿਆਰਥੀਆਂ ਨੇ ਸਥਾਨ ਹਾਸਿਲ ਕੀਤੇ ਹਨ। ਉਨ੍ਹਾਂ ਵੱਲੋਂ ਆਪਣੀ ਰਿਪੋਰਟ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਓਲੰਪੀਆਡ ਵਿੱਚ ਸ੍ਰੀਮਤੀ ਪਰਮਿੰਦਰ ਕੌਰ ਇੰਚਾਰਜ ਪੰਜਾਬੀ ਵਿਕਾਸ ਸੈਲ ਦਾ ਬਹੁੱਤ ਸਹਿਯੋਗ ਰਿਹਾ।

ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ. (ਰਿਟਾ.) ਵੱਲੋਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਬੋਲੀ ਆਪਣੇ ਆਪ ਵਿੱਚ ਬਹੁਤ ਮਹੱਤਵ ਰੱਖਦੀ ਹੈ। ਇਹ ਸਿਰਫ ਮੁਕਾਬਲਾ ਨਹੀਂ ਸਗੋਂ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਉਣ ਲਈ ਤਿਆਰ ਕਰਨ ਦਾ ਇੱਕ ਜਰੀਆ ਹੈ । ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦਾ ਉਪਰਾਲਾ ਹੈ। ਇਹ ਇੱਕ ਵਧੀਆ ਸੰਕੇਤ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸੰਸਥਾਵਾਂ ਤੁਹਾਡੇ ਲਈ ਫਿਕਰਮੰਦ ਹਨ।

ਸਮਾਰੋਹ ਵਿੱਚ ਹਾਜ਼ਰ ਪਤਵੰਤਿਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਕੀਤੇ ਆਪਣੇ ਸੰਬੋਧਨ ਵਿੱਚ ਡਾ. ਅਮਰਪਾਲ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ ਤਾਂ ਜੋ ਪੰਜਾਬ ਦਾ ਹਰ ਵਿਦਿਆਰਥੀ ਆਪਣੀ ਸਿੱਖਿਆ ਦੇ ਬਲ ਤੇ ਦੁਨੀਆਂ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਯੋਗ ਹੋ ਸਕੇ।

ਸ਼੍ਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਇਸ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖਿਆ ਬੋਰਡ ਦਾ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਇੱਕ ਅਤਿਅੰਤ ਅਹਿਮ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਸਿੱਖਿਆ ਬੋਰਡ ਵੱਲੋਂ ਪੰਜਾਬੀ ਬੋਲੀ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਵੀ ਓਲੰਪਿਆਡ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਦੀ ਵਚਨਬੱਧਤਾ ਜਤਾਈ। ਇਸ ਨਾਲ ਜਿੱਥੇ ਸੂਬੇ ਦੇ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਦਾ ਮੌਕਾ ਮਿਲੇਗਾ ਉੱਥੇ ਅਧਿਆਪਕਾਂ ਨੂੰ ਵੀ ਆਪਣੇ ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਦਾ ਹੌਸਲਾ ਮਿਲੇਗਾ।

ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਮੱਲਾਂ ਮਾਰਨ ਵਾਲੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ. (ਰਿਟਾ.) ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ ਅਤੇ ਸਰਟੀਫ਼ਿਕੇਟ ਭੇਂਟ ਕੀਤੇ ਗਏ।

ਸਮਾਰੋਹ ਦੇ ਅੰਤ ਵਿੱਚ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਗੁਰਿੰਦਰ ਸਿੰਘ ਸੋਢੀ (ਪੀ.ਸੀ.ਐੱਸ) ਵੱਲੋਂ ਸਮਾਰੋਹ ਵਿੱਚ ਹਾਜ਼ਰ ਸੂਬੇ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ, ਉੱਘੀਆਂ ਸਖ਼ਸ਼ੀਅਤਾਂ, ਮੀਡੀਆ ਨੁਮਾਇੰਦਿਆਂ, ਸਕੂਲੀ ਵਿਦਿਆਰਥੀਆਂ, ਅਧਿਆਪਕ, ਮਾਪੇ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਕਰਮਚਾਰੀਆਂ ਦਾ ਸਮਾਰੋਹ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ ਅਤੇ ਭਰੋਸਾ ਦਵਾਇਆ ਗਿਆ ਕਿ ਸਿੱਖਿਆ ਬੋਰਡ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ।

Leave a Reply

Your email address will not be published. Required fields are marked *