Breaking News
Smart Media Dashmesh Insurance Point

IND vs ENG ਟੈਸਟ ਸੀਰੀਜ਼ : ਸ਼ੁਭਮਨ ਗਿੱਲ ਨੇ ਲਗਾਤਾਰ ਦੂਜਾ ਸੈਂਕੜਾ ਬਣਾ ਕੇ ਇਤਿਹਾਸ ਰਚਿਆ, ਭਾਰਤ- 310/5

ਗਿੱਲ ਅਤੇ ਜਡੇਜਾ ਨੇ ਜੋੜੀਆਂ ਨਾਬਾਦ 99 ਦੌੜਾਂ

ਜੈਸਵਾਲ ਨੇ ਠੋਕਿਆ ਤੇਜ਼-ਤਰਾਰ ਅਰਧ ਸੈਂਕੜਾ

ਚੰਡੀਗੜ੍ਹ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਐਜਬੈਸਟਨ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ ਨਾਬਾਦ 114 (216) ਅਤੇ ਰਵਿੰਦਰ ਜਡੇਜਾ ਦੀਆਂ ਨਾਬਾਦ 41 (67) ਦੌੜਾਂ ਸਦਕਾ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ‘ਤੇ 310 ਦੌੜਾਂ ਬਣਾ ਲਈਆਂ ਸਨ।

ਇਸ ਦੌਰਾਨ ਨੌਜਵਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਲਗਾਤਾਰ ਦੂਜਾ ਸੈਂਕੜਾ ਮਾਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੇ ਅਜਿਹੇ ਚੌਥੇ ਟੈਸਟ ਕਪਤਾਨ ਬਣ ਗਏ ਹਨ, ਜਿਸ ਨੇ ਦੋ ਟੈਸਟ ਮੈਚਾਂ ਵਿੱਚ ਲਗਾਤਾਰ ਸੈਂਕੜਾ ਬਣਾਇਆ ਹੈ। ਇਸ ਗਰੁੱਪ ਵਿਚ ਮਹਾਨ ਕ੍ਰਿਕਟਰ ਵਿਜੇ ਹਜ਼ਾਰੇ, ਸੁਨੀਲ ਗਵਾਸਕਰ ਅਤੇ ਵਿਰਾਟ ਕੋਹਲੀ ਦੇ ਨਾਮ ਸ਼ਾਮਲ ਹਨ।

ਇਸ ਤੋਂ ਪਹਿਲਾਂ ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 87 (107) ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਅਰਧ ਸੈਂਕੜਾ ਲਗਾਇਆ। ਕਰੁਣ ਨਾਇਰ (31), ਰਿਸ਼ਭ ਪੰਤ (25), ਜਦਕਿ ਰਾਹੁਲ (2) ਤੇ ਰੈਡੀ (1) ਦੌੜ ਬਣਾ ਕੇ ਆਊਟ ਹੋ ਗਏ। ਇੰਗਲੈਂਡ ਦੇ ਗੇਂਦਬਾਜ਼ਾਂ ਵਿੱਚੋਂ ਕ੍ਰਿਸ ਵੋਕਸ ਦੋ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ।

ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਸ਼ੁਭਮਨ ਗਿੱਲ ਅਤੇ ਰਵਿੰਦਰ ਜਡੇਜਾ ਅਜੇਤੂ ਰਹੇ। ਉਸ ਸਮੇਂ ਤੱਕ ਭਾਰਤ ਨੇ ਇੰਗਲੈਂਡ ਖਿਲਾਫ 5 ਵਿਕਟਾਂ ਦੇ ਨੁਕਸਾਨ ‘ਤੇ 310 ਦੌੜਾਂ ਬਣਾ ਲਈਆਂ ਸਨ, ਜਿਸ ਵਿੱਚ ਗਿੱਲ ਅਤੇ ਜਡੇਜਾ ਦੀ ਨਾਬਾਦ 99 ਦੌੜਾਂ ਦੀ ਸਾਂਝੇਦਾਰੀ ਖਾਸ ਰਹੀ।

ਦੂਜੇ ਟੈਸਟ ਮੈਚ ਵਿੱਚ ਭਾਰਤ ਨੇ ਆਪਣੀ ਪਲੇਇੰਗ ਇਲੈਵਨ ‘ਚ ਤਿੰਨ ਬਦਲਾਅ ਕੀਤੇ ਸਨ, ਜਿਸ ਵਿੱਚ ਸ਼ਾਰਦੁਲ ਠਾਕੁਰ, ਸਾਈ ਸੁਧਰਸਨ ਅਤੇ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਕ੍ਰਮਵਾਰ ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ ਅਤੇ ਆਕਾਸ਼ ਦੀਪ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਇੰਗਲੈਂਡ ਟੀਮ ਨੇ ਕੋਈ ਬਦਲਾਅ ਨਹੀਂ ਕੀਤਾ।

Leave a Reply

Your email address will not be published. Required fields are marked *