
ਚੰਡੀਗੜ੍ਹ, 14 ਜੂਨ, ਪੰਜਾਬੀ ਦੁਨੀਆ ਬਿਊਰੋ :
ਸਾਊਥ ਅਫ਼ਰੀਕਾ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿੱਤ ਲਈ ਹੈ। ਅੱਜ ਇੰਗਲੈਂਡ ਦੇ ਵਿਸ਼ਵ ਪ੍ਰਸਿੱਧ ਲਾਰਡਜ਼ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਮੈਚ ਵਿਚ ਸਾਊਥ ਅਫ਼ਰੀਕਾ ਨੇ ਆਸਟ੍ਰੇਲੀਆ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਸਾਊਥ ਅਫਰੀਕਾ ਨੇ 27 ਸਾਲਾਂ ਬਾਅਦ ਕੋਈ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਮੈਚ ਜਿੱਤਣ ਦਾ ਸੁਫਨਾ ਵੀ ਪੂਰ ਕਰ ਲਿਆ ਹੈ। ਇਸ ਜਿੱਤ ਵਿਚ ਅਹਿਮ ਭੂਮਿਕਾ ਮਾਰਕਰਾਮ ਅਤੇ ਬਾਵੂਮਾ ਦੀ ਤੀਜੇ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਰਹੀ, ਸਭ ਤੋਂ ਵੱਡਾ ਯੋਗਦਾਨ ਸਲਾਮੀ ਬੱਲੇਬਾਜ਼ ਐਡਮ ਮਾਰਕਰਾਮ ਦਾ ਰਿਹਾ ਜਿਸ ਨੇ 207 ਗੇਂਦਾਂ ਵਿਚ 136 ਦੌੜਾਂ ਬਣਾਈਆਂ, ਜਦਕਿ ਕਪਤਾਨ ਟੇਂਬਾ ਬਾਵੂਮਾ ਨੇ 66 ਮਹੱਤਵਪੂਰਨ ਦੌੜਾਂ ਦਾ ਯੋਗਦਾਨ ਪਾਇਆ। ਇਸ ਦੌਰਾਨ ਮੈਨ ਆਫ ਦੀ ਮੈਚ ਐਡਮ ਮਾਰਕਰਾਮ ਨੂੰ ਚੁਣਿਆ ਗਿਆ।

ਇਸ ਤਰ੍ਹਾਂ ਸਾਊਥ ਅਫਰੀਕਾ ਦੀ ਟੀਮ ਨੇ 5 ਵਿਕਟਾਂ ਉਤੇ 282 ਦੌੜਾਂ ਬਣਾ ਕੇ ਇਹ ਇਤਿਹਾਸਕ ਜਿੱਤ ਦਰਜ ਕੀਤੀ ਹੈ। ਦੱਸਣਯੋਗ ਹੈ ਕਿ ਕਪਤਾਨ ਟੇਂਬਾ ਬਾਵੂਮਾ ਦੀ ਕਪਤਾਨੀ ਵਿਚ ਖੇਡੇ 10 ਮੈਚਾਂ ਵਿਚੋਂ ਸਾਊਥ ਅਫਰੀਕਾ ਨੇ 9 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀਆਂ ਦੋਵਾਂ ਪਾਰੀਆਂ ਵਿਚ 212 ਅਤੇ 207 ਦੌੜਾਂ ਬਣਾਈਆਂ, ਜਦਕਿ ਸਾਊਥ ਅਫਰੀਕਾ ਨੇ ਪਹਿਲੀ ਪਾਰੀ ਵਿਚ 138 ਜਦਕਿ ਦੂਜੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 282 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਹੈ। ਸਾਊਥ ਅਫਰੀਕਾ ਦੇ ਕਾਸੀਗੋ ਰਾਬਾਡਾ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 9 ਵਿਕਟਾਂ ਹਾਸਲ ਕੀਤੀਆਂ, ਜਦਕਿ ਮਾਰਕੋ ਜਾਨਸਨ ਨੇ 4 ਅਤੇ ਲੂੰਗੀ ਨਾਗੀਦੀ ਨੇ 3 ਵਿਕਟਾਂ ਹਾਸਲ ਕੀਤੀਆਂ।
