
ਪੰਜਾਬ ਕਿੰਗਜ਼ ਦੀ ਟੀਮ ਨੂੰ ਮਾਤਰ 6 ਦੌੜਾਂ ਨਾਲ ਹਰਾਇਆ
ਅਹਿਮਦਾਬਾਦ, 3 ਜੂਨ, ਪੰਜਾਬੀ ਦੁਨੀਆ ਬਿਊਰੋ:
ਰਾਇਲ ਚੈਲੇਂਜਰਜ਼ ਬੰਗਲੁਰੂ ਪਹਿਲੀ ਵਾਰ IPL ਚੈਂਪੀਅਨ ਬਣ ਗਿਆ ਹੈ। ਅੱਜ ਅਹਿਮਦਾਬਾਦ ਦੇ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਪੰਜਾਬ ਕਿੰਗਜ਼ ਦੀ ਟੀਮ ਨੂੰ ਮਾਤਰ 6 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੁਰੂ ਵਲੋਂ ਸਫਲ ਗੇਂਦਬਾਜ਼ ਕਰੁਨਲ ਪਾਂਡਿਆ ਤੇ ਭੁਵਨੇਸ਼ਵਰ ਕੁਮਾਰ ਰਹੇ ਜਿਨਾਂ ਨੇ ਦੋ ਦੋ ਵਿਕਟਾਂ ਹਾਸਿਲ ਕੀਤੀਆਂ।
ਪੰਜਾਬ ਕਿੰਗਜ਼ ਦੀ 7 ਵਿਕਟਾਂ ‘ਤੇ ਸਿਰਫ 184 ਦੌੜਾਂ ਹੀ ਬਣਾ ਸਕੀ, ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਸ਼ਾਸ਼ਾਂਕ ਸਿੰਘ (61 – 6×6, 3×4) ਦਾ ਰਿਹਾ, ਜੋ ਅੰਤ ਤੱਕ ਡਟਿਆ ਰਿਹਾ। ਇਸ ਤੋਂ ਇਲਾਵਾ ਜੌਸ ਇੰਗਲਿਸ (39), ਪ੍ਰਭਸਿਮਰਨ (26) ਅਤੇ ਪਰੀਆਂਸ਼ (24) ਦੌੜਾਂ ਬਣਾਈਆਂ ਜਦਕਿ ਕਪਤਾਨ ਅਈਅਰ ਇਕ ਦੌੜ ਬਣਾ ਕੇ ਆਊਟ ਹੋ ਗਏ।
ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 190 ਦੌੜਾਂ ਬਣਾਈਆਂ। ਆਰਸੀਬੀ ਨੇ 18 ਦੌੜਾਂ ਦੇ ਸਕੋਰ ‘ਤੇ ਫਿਲ ਸਾਲਟ ਨੂੰ 16 ਦੌੜਾਂ ‘ਤੇ ਗੁਆ ਦਿੱਤਾ। ਫਿਰ ਮਯੰਕ ਅਗਰਵਾਲ (24) ਅਤੇ ਵਿਰਾਟ ਕੋਹਲੀ (43) ਨੇ ਪਾਰੀ ਨੂੰ ਮਜ਼ਬੂਤੀ ਦਿੱਤੀ। ਚਾਹਲ ਨੇ ਆਪਣੇ ਪਹਿਲੇ ਓਵਰ ਵਿੱਚ ਅਗਰਵਾਲ ਨੂੰ ਆਊਟ ਕਰਕੇ ਸਕੋਰ 56 ‘ਤੇ ਪਹੁੰਚਾਇਆ।ਆਰਸੀਬੀ ਕਪਤਾਨ ਰਜਤ ਪਾਟੀਦਾਰ (26) ਅਤੇ ਕੋਹਲੀ ਨੇ ਤੀਜੀ ਵਿਕਟ ਲਈ 40 ਦੌੜਾਂ ਜੋੜੀਆਂ। 10 ਓਵਰਾਂ ਦੇ ਅੰਤ ਤੱਕ, ਆਰਸੀਬੀ ਦਾ ਸਕੋਰ 2 ਵਿਕਟਾਂ ‘ਤੇ 87 ਦੌੜਾਂ ਸੀ। ਵਿਰਾਟ ਕੋਹਲੀ ਨੂੰ 131 ਦੌੜਾਂ ਦੇ ਸਕੋਰ ‘ਤੇ ਆਊਟ ਹੋਇਆ।ਇਸ ਤੋਂ ਬਾਅਦ ਲੀਅਮ ਲਿਵਿੰਗਸਟੋਨ (25) ਅਤੇ ਜਿਤੇਸ਼ ਸ਼ਰਮਾ (24) ਨੇ ਸਿਰਫ਼ 2 ਓਵਰਾਂ ਵਿੱਚ 36 ਦੌੜਾਂ ਜੋੜੀਆਂ ਜਦਕਿ ਰੋਮਾਰੀਓ ਸ਼ੈਫਰਡ (9 ਗੇਂਦਾਂ ਵਿੱਚ 17) ਨੇ ਪਾਰੀ ਦੇ ਅੰਤ ਵਿੱਚ ਕੁਝ ਸ਼ਾਨਦਾਰ ਸ਼ਾਟ ਖੇਡੇ।
ਅੰਤ ਵਿੱਚ ਅਰਸ਼ਦੀਪ ਸਿੰਘ ਨੇ ਫਾਈਨਲ ਓਵਰ ਵਿੱਚ ਤਿੰਨ ਵਿਕਟਾਂ ਲਈਆਂ ਜਿਸ ਨਾਲ ਰਾਇਲ ਚੈਲੇਂਜਰਜ਼ ਬੰਗਲੁਰੂ 9 ਵਿਕਟਾਂ ‘ਤੇ 190 ਦੌੜਾਂ ਬਣਾ ਸਕੀ। ਪੰਜਾਬ ਵਲੋਂ ਜੈਮੀਸਨ ਨੇ 3 ਜਦਕਿ ਚਹਿਲ, ਅਜ਼ਮਤੁੱਲਾ ਤੇ ਵਿਜੇਕੁਮਾਰ ਨੇ 1-1 ਵਿਕਟ ਹਾਸਲ ਕੀਤੀ।