
ਅਹਿਮਦਾਬਾਦ, 2 ਮਈ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਕਿੰਗਜ਼ ਦੇ ਸ਼੍ਰੇਅਸ ਅਈਅਰ (87 ਨਾਟ, 41 ਗੇਂਦਾਂ, 5×4, 8×6) ਨੇ ਵੱਡੇ ਮੈਚ ਵਿੱਚ ਕਪਤਾਨੀ ਪਾਰੀ ਖੇਡਦਿਆਂ ਐਤਵਾਰ ਨੂੰ ਇੱਥੇ ਆਈਪੀਐਲ ਕੁਆਲੀਫਾਇਰ 2 ਵਿੱਚ 204 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦਿਆਂ 207 ਦੌੜਾਂ ਬਣਾ ਕੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ।
ਪੰਜਾਬ ਕਿੰਗਜ਼, ਜਿਸਨੇ ਆਖਰੀ ਵਾਰ 2014 ਵਿੱਚ ਫਾਈਨਲ ਖੇਡਿਆ ਸੀ, ਮੰਗਲਵਾਰ (3 ਜੂਨ, 2025) ਨੂੰ ਚਾਰ ਵਾਰ ਦੇ ਫਾਈਨਲਿਸਟ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਭਿੜੇਗੀ।
ਸ਼੍ਰੇਅਸ ਅਈਅਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਅਈਅਰ ਅਤੇ ਨੇਹਲ ਵਢੇਰਾ (48 – 4×4, 2×6) ਨੇ ਚੌਥੀ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਨਾਲ ਟੀਮ ਨੂੰ ਮਜ਼ਬੂਤੀ ਦਿੱਤੀ। ਦੋਵਾਂ ਨੇ ਵਿਕਟ ਨਾ ਗਵਾਉਂਦਿਆਂ ਕੁਝ ਓਵਰ ਆਰਾਮ ਨਾਲ ਖੇਡੇ, ਜਿਸ ਨਾਲ ਲੋੜੀਂਦੀ ਰੇਟ ਲਗਭਗ 12 ਪ੍ਰਤੀ ਓਵਰ ਹੋ ਗਈ। ਸ਼੍ਰੇਅਸ ਨੇ ਫਿਰ 13ਵੇਂ ਓਵਰ ਵਿੱਚ ਤੇਜ਼ ਗੇਂਦਬਾਜ਼ ਰੀਸ ਟੋਪਲੇ ਨੂੰ ਲਗਾਤਾਰ ਤਿੰਨ ਛੱਕੇ ਮਾਰ ਕੇ ਮੈਚ ਨੂੰ ਪੀਬੀਕੇਐਸ ਦੇ ਹੱਕ ਵਿੱਚ ਮੋੜ ਦਿੱਤਾ।
ਪੰਜਾਬ ਨੂੰ ਚਾਰ ਓਵਰਾਂ ਵਿੱਚ 41 ਦੌੜਾਂ ਦੀ ਲੋੜ ਸੀ, ਜਿਸ ਦਾ ਪਿੱਛਾ ਕਰਦਿਆਂ ਅਈਅਰ ਨੇ ਪਹਿਲਾਂ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਦੀ ਪਿਟਾਈ ਕੀਤੀ ਅਤੇ ਟ੍ਰੈਂਟ ਬੋਲਟ ਨੂੰ ਥਰਡ-ਮੈਨ ਫੈਂਸ ਵੱਲ ਦੋ ਚੌਕੇ ਠੋਕ ਕੇ ਜਿੱਤ ਨੂੰ ਆਸਾਨ ਬਣਾ ਦਿੱਤਾ।
ਮੀਂਹ ਕਾਰਨ ਲੇਟ ਸ਼ੁਰੂ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁਸ਼ਕਲ ਹਾਲਾਤਾਂ ਵਿੱਚ ਇੱਕ ਚੁਣੌਤੀਪੂਰਨ ਸਕੋਰ ਬਣਾਇਆ। ਮੀਂਹ ਕਾਰਨ ਗਿੱਲੀ ਪਈ ਪਿੱਚ ‘ਤੇ, ਜੌਨੀ ਬੇਅਰਸਟੋ (38), ਤਿਲਕ ਵਰਮਾ (44), ਸੂਰਿਆਕੁਮਾਰ ਯਾਦਵ (44) ਅਤੇ ਨਮਨ ਧੀਰ (37) ਨੇ ਡੈਥ ਓਵਰਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਐਮਆਈ ਨੂੰ 200 ਦੌੜਾਂ ਦੇ ਅੰਕੜੇ ਤੋਂ ਪਾਰ ਪਹੁੰਚਾਇਆ।ਸੂਰਿਆਕੁਮਾਰ ਅਤੇ ਤਿਲਕ ਨੇ 72 ਦੌੜਾਂ ਦੀ ਸਾਂਝੇਦਾਰੀ ਨਿਭਾਈ।