Breaking News
Smart Media Dashmesh Mohali Walk Smart Media Insurance Point Hardev Singh Ubha

ਲੰਮੀਆਂ ਚੋਣ ਡਿਊਟੀਆਂ ਅਤੇ ਲੋੜ ਅਨੁਸਾਰ ਛੁੱਟੀਆਂ ਨਾ ਮਿਲਣ ਕਾਰਨ ਅਧਿਆਪਕਾਂ ਤੇ ਲੈਕਚਰਾਰਾਂ ਦੀ ਪ੍ਰੇਸ਼ਾਨੀ ਵਧੀ: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ

ਮੋਹਾਲੀ, 14 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਪਿਛਲੇ ਦਿਨੀ ਹੋਈ ਜ਼ੂਮ ਮੀਟਿੰਗ ਵਿੱਚ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।

ਇਸ ਸੰਬੰਧੀ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀ. ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿੱਚ ਅਧਿਆਪਕ ਤੇ ਖ਼ਾਸ ਤੌਰ ਤੇ ਲੈਕਚਰਾਰ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਅਲੱਗ- ਅਲੱਗ ਤਰ੍ਹਾਂ ਦੀਆਂ ਚੋਣਾਂ ਨਾਲ਼ ਸੰਬੰਧਿਤ ਅਤੇ ਵਿਭਾਗੀ ਡਿਊਟੀਆਂ ਨਿਭਾਉਂਦੇ ਆ ਰਹੇ ਹਨ। 13 ਫ਼ਰਵਰੀ ਤੋਂ ਦਸਵੀਂ / ਬਾਰ੍ਹਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਂਵਾਂ, ਪ੍ਰੈਕਟੀਕਲ ਤੇ ਇਸ ਦੇ ਨਾਲ਼ ਹੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰਾਂ ਦਾ ਮੁਲਾਂਕਣ ਅਤੇ ਘਰੇਲੂ ਪ੍ਰੀਖਿਆ ਦਾ ਪ੍ਰਬੰਧ ਅਧਿਆਪਕਾਂ ਤੇ ਲੈਕਚਰਾਰ ਵਰਗ ਵੱਲੋਂ ਕੀਤਾ ਗਿਆ ਪ੍ਰੀਖਿਆਵਾਂ ਦੇ ਦਰਮਿਆਨ ਹੀ ਗ੍ਰਾਂਟਾਂ ਨੂੰ ਖਰਚਣਾਂ, ਦਾਖਲਾ ਤੇ ਦਾਖਲਾ ਵਧਾਉਣ ਦੀ ਮੁਹਿੰਮ ਵੀ ਚਲਦੀਆਂ ਰਹੀਆਂ। ਵਿਭਾਗੀ ਡਿਊਟੀਆਂ ਦੇ ਨਾਲ਼ ਨਾਲ਼ ਲੰਬੀਆਂ ਤੇ ਲਗਾਤਾਰ ਵੱਖ ਵੱਖ ਤਰ੍ਹਾਂ ਦੀਆਂ ਚੋਣ ਡਿਊਟੀਆਂ ਨਿਭਾਉਂਦੇ ਲੈਕਚਰਾਰ/ ਅਧਿਆਪਕ ਨੂੰ ਨਾ ਸਿਰਫ਼ ਸਸਰੀਰਕ ਬਲਕਿ ਮਾਨਸਿਕ ਅਤੇ ਘਰੇਲੂ ਪੱਧਰ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਦੱਸਣਾ ਗ਼ੈਰਵਾਜਬ ਨਹੀਂ ਹੋਵੇਗਾ ਕਿ ਕਈ ਜਿਲ੍ਹਿਆਂ ਵਿੱਚ ਲੈਕਚਰਾਰ ਦੀਆਂ 12/12 ਘੰਟੇ ਦੀਆਂ ਚੋਣਾਂ ਨਾਲ਼ ਸੰਬੰਧਿਤ ਲਗਾਤਾਰ ਡਿਊਟੀਆਂ ਚੱਲ ਰਹੀਆਂ ਹਨ। ਕਈ ਵਾਰ ਤੇ ਛੁੱਟੀ ਦੀ ਲੋੜ ਪੈਣ ਤੇ ਉਨ੍ਹਾਂ ਨੂੰ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ।

ਜੱਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਬਲਾਕ ਤੋਂ ਬਾਹਰ ਨਾ ਲਗਾਈਆਂ ਜਾਣ , ਕੱਪਲ ਕੇਸ ਵਿੱਚ ਸਿਰਫ਼ ਇੱਕ ਕਰਮਚਾਰੀ ਦੀ ਹੀ ਡਿਊਟੀ ਲਗਾਈ ਜਾਵੇ ਅਤੇ ਗੰਭੀਰ ਬੀਮਾਰੀ ਵਾਲੇ ਅਤੇ cwsn ਵਾਲੇ ਬੱਚਿਆਂ ਦੀ ਮਾਪਿਆਂ ਨੂੰ ਵੀ ਡਿਊਟੀ ਤੋਂ ਛੋਟੀ ਦਿੱਤੀ ਜਾਵੇ। ਤਨਦੇਹੀ ਤੇ ਇਮਾਨਦਾਰੀ ਨਾਲ਼ ਚੋਣ ਡਿਊਟੀ ਕਰ ਰਹੇ ਅਧਿਆਪਕਾ ਤੇ ਲੈਕਚਰਾਰਾਂ ਨੂੰ ਉਨ੍ਹਾਂ ਦੇ ਕੁਦਰਤੀ ਅਧਿਕਾਰਾਂ ਦੇ ਸਨਮੁੱਖ ਛੁੱਟੀ ਦਿੱਤੀ ਜਾਵੇ, ਡਿਊਟੀ ਦਾ ਸਮਾਂ ਘੱਟ ਕੀਤਾ ਜਾਵੇ ਅਤੇ ਬਦਲਵੇਂ ਆਧਾਰ ਤੇ ਡਿਊਟੀਆਂ ਲਗਾਈਆਂ ਜਾਣ। ਉਹਨਾਂ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਪਹਿਲਾਂ ਹੀ ਅੱਧੇ ਤੋਂ ਵੱਧ ਖ਼ਾਲੀ ਹਨ ਇਸ ਲਈ ਲੈਕਚਰਾਰਾਂ ਦੀਆਂ ਡਿਊਟੀਆਂ ਘੱਟ ਤੋਂ ਘੱਟ ਲਗਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ FST, SST ਦੀ ਡਿਊਟੀ ਦੇ ਕੁੱਲ ਲੱਗੇ ਦਿਨਾਂ ਦੇ ਹਿਸਾਬ ਨਾਲ ਅਦਾਇਗੀ ਹੋਣੀ ਚਾਹੀਦੀ ਹੈ ਅਤੇ ਚੋਣ ਡਿਊਟੀ ਨਿਭਾ ਰਹੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਵਾਜਬ ਤੇ ਸਨਮਾਨਯੋਗ ਮਿਹਨਤਾਨਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ਼ ਹੀ ਅਜਿਹੀਆਂ ਡਿਊਟੀਆਂ ਹਫ਼ਤੇ ਦੀ ਰੋਟੇਸ਼ਨ ਦੇ ਅਧਾਰ ਤੇ ਹੋਣੀਆਂ ਚਾਹੀਦੀਆਂ ਹਨ।

ਇਸ ਮੀਟਿੰਗ ਵਿੱਚ ਸਕੱਤਰ ਸ. ਗੁਰਪ੍ਰੀਤ ਸਿੰਘ, ਸ. ਅਵਤਾਰ ਸਿੰਘ, ਸ . ਬਲਜੀਤ ਸਿੰਘ ਕਪੂਰਥਲਾ, ਸ. ਨੈਬ ਸਿੰਘ, ਸ. ਸਾਹਿਬ ਰਣਜੀਤ ਸਿੰਘ, ਸ. ਜਸਪਾਲ ਸਿੰਘ,ਸ੍ਰ ਪਰਮਿੰਦਰ ਕੁਮਾਰ,ਸ. ਇੰਦਰਜੀਤ ਸਿੰਘ, ਸ. ਜਗਤਾਰ ਸਿੰਘ, ਸ. ਰਣਬੀਰ ਸਿੰਘ ਸੂਬਾ ਪ੍ਰੈੱਸ ਸਕੱਤਰ ਅਤੇ ਸ. ਬਲਦੀਸ਼ ਲਾਲ ਮੌਜੂਦ ਸਨ।

Leave a Reply

Your email address will not be published. Required fields are marked *