Breaking News
Dashmesh GS Electricals Verka Smart Media Insurance Point Tav Prasad

ਪਹਿਲਗਾਮ ‘ਚ ਸ਼ਹੀਦ ਹੋਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮੋਹਾਲੀ ਵਿੱਚ ਕੱਢਿਆ ਕੈਂਡਲ ਮਾਰਚ

ਪਹਿਲਗਾਮ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ, ਦੁੱਖਦਾਇਕ ਅਤੇ ਅਸਵੀਕਾਰਨਯੋਗ : ਬਲਬੀਰ ਸਿੱਧੂ

ਮੋਹਾਲੀ, 23 ਅਪ੍ਰੈਲ, ਮਨਜੀਤ ਸਿੰਘ ਚਾਨਾ :

ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤੱਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਪਾਰਟੀ ਵਲੋਂ ਮੋਹਾਲੀ ਦੇ ਗੁ: ਸ੍ਰੀ ਅੰਬ ਸਾਹਿਬ ਤੋਂ ਕੱਢੇ ਕੈਂਡਲ ਮਾਰਚ ਦੀ ਅਗਵਾਈ ਕੀਤੀ।

ਸਿੱਧੂ ਨੇ ਇਸ ਭਿਆਨਕ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ, “ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ, ਦੁੱਖਦਾਇਕ ਅਤੇ ਅਸਵੀਕਾਰਨਯੋਗ ਹੈ।”

ਸਿੱਧੂ ਨੇ ਇਸ ਅੱਤਵਾਦੀ ਹਮਲੇ ਨੂੰ “ਮਨੁੱਖਤਾ ਵਿਰੁੱਧ ਘਿਨੌਣਾ ਅਪਰਾਧ” ਦੱਸਦਿਆਂ ਇਸਦੀ ਸਖ਼ਤ ਨਿੰਦਾ ਕੀਤੀ। ਇਸ ਹਮਲੇ ਦੇ ਵਿਰੋਧ ਵਿੱਚ ਅਤੇ ਨਿਹੱਥੇ ਮਾਰੇ ਗਏ ਸੈਲਾਨੀਆਂ ਦੀ ਯਾਦ ਵਿੱਚ, ਮੋਹਾਲੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ, ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਸਿੱਧੂ ਨੇ ਪਹਿਲਗਾਮ ਵਿਖੇ ਸੁਰੱਖਿਆ ਬਾਰੇ ਗੱਲ ਕਰਦਿਆਂ ਕਿਹਾ, “ਇਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿ ਪਹਿਲਗਾਮ ਵਿੱਚ ਇੱਕੋ ਸਥਾਨ ‘ਤੇ 2,000 ਤੋਂ ਵੱਧ ਸੈਲਾਨੀ ਮੌਜੂਦ ਸਨ, ਫ਼ੇਰ ਵੀ ਓਥੇ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸਿਰਫ਼ ਇਹਨਾਂ ਹੀ ਨਹੀਂ ਉਥੇ ਪੁਲਿਸ ਅਤੇ ਫੌਜ ਦੇ ਜਵਾਨ ਵੀ ਇਸ ਭਿਆਨਕ ਘਟਨਾ ਦੇ 20 ਮਿੰਟ ਬਾਅਦ ਪਹੁੰਚੇ। ਇਹ ਸਾਫ਼ ਤੌਰ ‘ਤੇ ਕੇਂਦਰ ਸਰਕਾਰ ਦੀ ਦੇਸ਼ਵਾਸੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਬਿਆਨ ਕਰਦਾ ਹੈ।”

ਮੋਹਾਲੀ ਵਿੱਚ ਕੈਂਡਲ ਮਾਰਚ ਦੌਰਾਨ ਹਾਜ਼ਰ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਦਿੱਤੀ ਅਤੇ ਅੱਤਵਾਦ ਦੇ ਖ਼ਿਲਾਫ਼ ਆਪਣੀ ਏਕਤਾ ਅਤੇ ਨਿਰੰਤਰ ਲੜਾਈ ਦਾ ਸੰਕੇਤ ਦਿੱਤਾ। ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ, “ਅਸੀਂ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ, ਅੱਤਵਾਦ ਦੇ ਖ਼ਿਲਾਫ਼ ਇਹ ਲੜਾਈ ਸਿਰਫ ਸਰਹੱਦਾਂ ਦੀ ਨਹੀਂ, ਸਗੋਂ ਮਨੁੱਖੀ ਅਰਮਾਨਾਂ ਦੀ ਵੀ ਲੜਾਈ ਹੈ। ਅਸੀਂ ਇਹ ਲੜਾਈ ਇੱਕ ਜੁੱਟ ਹੋ ਕੇ ਲੜਾਂਗੇ।”

ਅੰਤ ਵਿੱਚ ਸਿੱਧੂ ਨੇ ਕਿਹਾ, “ਕਾਂਗਰਸ ਪਾਰਟੀ ਭਾਰਤ ਦੀ ਅਖੰਡਤਾ, ਸੰਵਿਧਾਨ ਅਤੇ ਲੋਕਤੰਤਰਕ ਮੁੱਲਾਂ ਦੀ ਰੱਖਿਆ ਲਈ ਹਮੇਸ਼ਾ ਖੜ੍ਹੀ ਸੀ, ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ ਅਤੇ ਅੱਤਵਾਦ ਖਿਲਾਫ਼ ਸਾਡੀ ਲੜਾਈ ਅੰਤ ਤੱਕ ਜਾਰੀ ਰਹੇਗੀ।”

Leave a Reply

Your email address will not be published. Required fields are marked *