Breaking News
Dashmesh GS Electricals Verka Smart Media Insurance Point Tav Prasad

ਚੈਂਪੀਅਨਜ਼ ਟਰਾਫੀ: ਅਈਅਰ ਅਤੇ ਚੱਕਰਵਰਤੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਆਸਟ੍ਰੇਲੀਆ ਨਾਲ ਸੈਮੀਫਾਈਨਲ ਮੈਚ 4 ਮਾਰਚ ਨੂੰ

ਨਵੀਂ ਦਿੱਲੀ, 2 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਸ਼੍ਰੇਅਸ ਅਈਅਰ ਦੀਆਂ 98 ਗੇਂਦਾਂ ‘ਤੇ 79 ਦੌੜਾਂ ਅਤੇ ਵਰੁਣ ਚੱਕਰਵਰਤੀ ਦੀਆਂ ਸ਼ਾਨਦਾਰ 5/42 ਵਿਕਟਾਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਆਪਣੇ ਆਖਰੀ ਗਰੁੱਪ-ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ‘ਤੇ ਜਗ੍ਹਾ ਬਣਾਈ ਲਈ ਹੈ। ਵਰੁਣ ਚੱਕਰਵਰਤੀ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

ਭਾਰਤ ਵਲੋਂ ਮਿੱਥੇ 250 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਮਜ਼ਬੂਤ ਬੱਲੇਬਾਜ਼ੀ, ਵਰੁਣ ਚੱਕਰਵਰਤੀ ਦੀ ਅਗਵਾਈ ਵਿੱਚ ਭਾਰਤੀ ਸਪਿਨਰਾਂ ਅੱਗੇ ਸੰਘਰਸ਼ ਕਰਦੀ ਨਜ਼ਰ ਆਈ ਅਤੇ ਸਾਰੀ ਟੀਮ ਕੇਵਲ 45.3 ਓਵਰਾਂ ਵਿੱਚ 205 ਦੌੜਾਂ ‘ਤੇ ਆਊਟ ਹੋ ਗਈ। ਨਿਊਜ਼ੀਲੈਂਡ ਵਲੋਂ ਸਿਰਫ ਕੇਨ ਵਿਲੀਅਮਸਨ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਕੀ ਸਾਰੇ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ। ਹਾਰਦਿਕ ਪਾਂਡਿਯਾ ਨੇ ਰਚਿਨ ਰਵਿੰਦਰ ਨੂੰ ਆਊਟ ਕਰਕੇ ਭਾਰਤ ਨੂੰ ਸ਼ੁਰੂਆਤੀ ਸਫਲਤਾ ਦਿਵਾਈ। ਬਾਅਦ ਵਿੱਚ ਭਾਰਤੀ ਸਪਿਨਰਾਂ ਨੇ ਜ਼ਿੰਮੇਵਾਰੀ ਸੰਭਾਲਦਿਆਂ ਕੁਲਦੀਪ ਯਾਦਵ ਨੇ ਡੈਰਿਲ ਮਿਸ਼ੇਲ (17) ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਉਪਰੰਤ ਟੌਮ ਲੈਥਮ (14), ਗਲੇਨ ਫਿਲਿਪਸ (12) ਅਤੇ ਮਾਈਕਲ ਬ੍ਰੇਸਵੈੱਲ (2) ਦੇ ਲਗਾਤਾਰ ਆਊਟ ਹੋਣ ਨਾਲ ਵਿਲੀਅਮਸਨ ਦਬਾਅ ਹੇਠ ਆ ਗਿਆ ਅਤੇ ਅਕਸ਼ਰ ਪਟੇਲ ਨੂੰ ਵਿਕਟ ਗੁਆ ਬੈਠਾ। ਅਖੀਰ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਨੇ ਸ਼ਾਨਦਾਰ 28 ਦੌੜਾਂ ਦਾ ਯੋਗਦਾਨ ਪਾਇਆ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਇਕ ਸਮੇਂ ਸਕੋਰ 30 ‘ਤੇ 3 ਵਿਕਟਾਂ ਹੋ ਗਿਆ, ਜਿਸ ਦੌਰਾਨ ਸ਼ੁਭਮਨ ਗਿੱਲ (2), ਕਪਤਾਨ ਰੋਹਿਤ ਸ਼ਰਮਾ () ਅਤੇ ਕਿੰਗ ਕੋਹਲੀ (11) ਜਲਦੀ ਆਊਟ ਹੋ ਗਏ। ਫਿਰ ਸ਼੍ਰੇਅਸ ਅਈਅਰ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਅਕਸ਼ਰ ਪਟੇਲ (61 ਗੇਂਦਾਂ ਵਿੱਚ 42 ਦੌੜਾਂ) ਨਾਲ 98 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਿਭਾਈ ਅਤੇ ਅਖੀਰ ਵਿੱਚ ਹਾਰਦਿਕ ਪਾਂਡਿਯਾ (45 ਗੇਂਦਾਂ ਵਿੱਚ 45 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ‘ਤੇ 249 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ (5/42) ਸਫਲ ਗੇਂਦਬਾਜ ਰਹੇ।

ਇਸ ਜਿੱਤ ਨਾਲ, ਭਾਰਤੀ ਟੀਮ ਮੰਗਲਵਾਰ 4 ਮਾਰਚ ਨੂੰ ਦੁਬਈ ਵਿੱਚ ਪਹਿਲੇ ਸੈਮੀਫਾਈਨਲ ਵਿੱਚ ਗਰੁੱਪ-ਬੀ ਦੇ ਉਪ ਜੇਤੂ ਆਸਟ੍ਰੇਲੀਆ ਨਾਲ ਖੇਡੇਗਾ, ਜਦਕਿ ਨਿਊਜ਼ੀਲੈਂਡ ਬੁੱਧਵਾਰ 5 ਮਾਰਚ ਨੂੰ ਲਾਹੌਰ ਵਿੱਚ ਦੱਖਣੀ ਅਫਰੀਕਾ ਨਾਲ ਖੇਡੇਗਾ।

Leave a Reply

Your email address will not be published. Required fields are marked *