
ਮੋਹਾਲੀ, 13 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ (ਐਮਐਸਸੀਏ) ਨੇ ਖਾਲਸਾ ਕਾਲਜ (ਅੰਮ੍ਰਿਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਫੇਜ਼-3ਏ, ਮੋਹਾਲੀ ਵਿਖੇ “ਸਾਈਬਰ ਸਮਾਰਟ ਕਿਵੇਂ ਬਣੀਏ” ਵਿਸ਼ੇ ‘ਤੇ ਪੀ.ਐਚ. ਵੈਸ਼ਨਵ ਯਾਦਗਾਰੀ ਸੈਮੀਨਾਰ ਦਾ ਆਯੋਜਨ ਕੀਤਾ। ਇਹ ਸੈਮੀਨਾਰ ਚੇਅਰਮੈਨ ਸਵਰਗੀ ਸ਼੍ਰੀ ਪੀ ਐਚ ਵੈਸ਼ਨਵ ਸਾਬਕਾ ਮੁੱਖ ਸਕੱਤਰ ਪੰਜਾਬ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤਾ ਗਿਆ ਸੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਸ੍ਰ ਹਰਵਿੰਦਰ ਸਿੰਘ ਬੈਨੀਪਾਲ, ਮੈਨੇਜਿੰਗ ਡਾਇਰੈਕਟਰ, ਟੈਕਨੋਮੈਕ ਇੰਡੀਆ ਅਤੇ ਓਐਕਸਓ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਭਾਸ਼ਣ ਸ. ਗੁਰਚਰਨ ਸਿੰਘ, ਸਾਈਬਰ ਸੁਰੱਖਿਆ ਫੈਕਲਟੀ, ਸੈਂਟਰਲ ਡਿਟੈਕਟਿਵ ਟ੍ਰੇਨਿੰਗ ਇੰਸਟੀਚਿਊਟ, ਚੰਡੀਗੜ੍ਹ ਦੁਆਰਾ ਦਿੱਤਾ ਗਿਆ। ਸ. ਗੁਰਚਰਨ ਸਿੰਘ ਨੇ ਸਾਈਬਰ ਅਪਰਾਧੀਆਂ ਦੁਆਰਾ ਵਰਤੇ ਜਾ ਰਹੇ ਵੱਖ-ਵੱਖ ਤਰੀਕਿਆਂ ਅਤੇ ਅਸੀਂ ਸਾਰੇ ਥੋੜ੍ਹਾ ਸਾਵਧਾਨ ਰਹਿ ਕੇ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਬਾਰੇ ਦੱਸਿਆ। ਉਹਨਾਂ ਆਪਣੇ ਫੋਨਾਂ ਨੂੰ ਹੈਕ ਹੋਣ ਤੋਂ ਬਚਾਉਣ ਅਤੇ ਧੋਖਾਧੜੀ ਦੀ ਸਥਿਤੀ ਵਿੱਚ ਰਿਪੋਰਟ ਕਰਨ ਦਾ ਤਰੀਕਾ ਵੀ ਦੱਸਿਆ। ਸੈਮੀਨਾਰ ਨੂੰ ਸਾਰੇ ਸਰੋਤਿਆਂ ਦੁਆਰਾ ਬਹੁਤ ਪਸੰਦ ਕੀਤਾ ਗਿਆ।
ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਮੈਂਬਰਾਂ ਨੂੰ ਆਉਣ ਵਾਲੇ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਰੱਖਿਆ ਜਾਵੇ ਜਿਨ੍ਹਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨ ਦੀ ਸੰਭਾਵਨਾ ਹੈ। ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਲਗਭਗ 200 ਮੈਂਬਰਾਂ ਲਈ ਇਹ ਸੈਮੀਨਾਰ ਬਹੁਤ ਹੀ ਲਾਭਦਾਇਕ ਸਿੱਧ ਹੋਇਆ। ਸਟੇਜ ਦਾ ਸੰਚਾਲਨ ਸ੍ਰ ਹਰਜਿੰਦਰ ਸਿੰਘ, ਸਕੱਤਰ ਈਵੈਂਟਸ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ, ਜਿਨ੍ਹਾਂ ਨੇ ਸ਼੍ਰੀ ਪੀ ਐਚ ਵੈਸ਼ਨਵ ਦੇ ਯੋਗਦਾਨ ਅਤੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਸ੍ਰ ਐਸ ਐਸ ਬੇਦੀ, ਸਕੱਤਰ ਜਨਰਲ, ਨੇ ਐਸੋਸੀਏਸ਼ਨ ਦੀਆਂ ਮੁੱਖ ਗਤੀਵਿਧੀਆਂ ਪੇਸ਼ ਕੀਤੀਆਂ। ਧੰਨਵਾਦ ਦਾ ਮਤਾ ਮੀਤ ਪ੍ਰਧਾਨ ਸ੍ਰ ਜਰਨੈਲ ਸਿੰਘ ਸਿੰਘ ਦੁਆਰਾ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਚੀਫ ਕਨਵੀਨਰ ਰਵਜੋਤ ਸਿੰਘ, ਜੇ ਐਸ ਰਾਵਲ ਵਿੱਤ ਸਕੱਤਰ, ਆਰ ਪੀ ਸਿੰਘ ਵਿੱਗ ਸਕੱਤਰ ਪ੍ਰੋਜੈਕਟਸ, ਜੇ ਐਸ ਠੁਕਰਾਲ, ਸ਼੍ਰੀਮਤੀ ਅਵਤਾਰ ਕੌਰ, ਜੀ ਐਸ ਬਿੰਦਰਾ, ਗੁਰਦੀਪ ਸਿੰਘ, ਅਮਰ ਪਾਲ ਸਿੰਘ, ਭੁਪਿੰਦਰ ਸਿੰਘ ਬੱਲ, ਜੀ ਐਸ ਛਾਬੜਾ, ਮਨਮੀਤ ਕੌਰ ਛਾਬੜਾ ਅਤੇ ਸ਼੍ਰੀਮਤੀ ਨਰਿੰਦਰ ਕੌਰ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
ਡਾ ਜੇ ਐਸ ਰਾਮਗੜ੍ਹੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਚਾਹ-ਪਾਣੀ ਅਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਿਸ ਦਾ ਆਏ ਹੋਏ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ।