ਮੁੰਬਈ, 19 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਵਿਨੋਦ ਤਾਵੜੇ ‘ਤੇ ਵੋਟਾਂ ਬਦਲੇ ਪੈਸੇ ਵੰਡਣ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਮਾਮਲੇ ‘ਚ ਚੋਣ ਕਮਿਸ਼ਨ ਨੇ ਸਖ਼ਤ ਸਟੈਂਡ ਲੈਂਦਿਆਂ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ। ਕਥਿਤ ਤੌਰ ‘ਤੇ ਪੈਸੇ ਵੰਡਣ ਦੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਤਾਵੜੇ ਅਤੇ ਸਥਾਨਕ ਨੇਤਾ ਰਾਜਨ ਨਾਇਕ ਹੋਟਲ ਪਹੁੰਚੇ ਸਨ। ਇਸ ਦੌਰਾਨ ਬਹੁਜਨ ਵਿਕਾਸ ਅਘਾੜੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਭਾਰੀ ਖਿੱਚੋਤਾਣ ਹੋਈ। ਰਾਜਨ ਨਾਇਕ ਵਿਰਾਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਦੇ ਸਾਹਮਣੇ ਬਹੁਜਨ ਵਿਕਾਸ ਅਘਾੜੀ ਨੇ ਸ਼ਿਤਿਜ ਠਾਕੁਰ ਨੂੰ ਮੈਦਾਨ ‘ਚ ਉਤਾਰਿਆ ਹੈ।
ਮਹਾਰਾਸ਼ਟਰ ਪੁਲਿਸ ਨੇ ਵਿਨੋਦ ਤਾਵੜੇ ਅਤੇ ਹੋਰਾਂ ਖਿਲਾਫ ਬੀਐਨਐਸ ਦੀ ਧਾਰਾ 223 ਅਤੇ ਆਰਪੀਟੀ ਐਕਟ-1951 ਦੀ ਧਾਰਾ 126 ਤਹਿਤ ਕਾਰਵਾਈ ਕੀਤੀ ਹੈ। ਵਿਨੋਦ ਤਾਵੜੇ ਅਤੇ ਭਾਜਪਾ ਉਮੀਦਵਾਰ ਰਾਜਨ ਨਾਇਕ ਸਮੇਤ ਕਰੀਬ 250 ਲੋਕ ਇਸ ਕਾਂਡ ਵਿਚ ਦੋਸ਼ੀ ਹਨ। ਇਹ ਐਫਆਈਆਰ ਤੁਲਿੰਜ ਸਟੇਸ਼ਨ ‘ਤੇ ਕਾਂਸਟੇਬਲ ਵਿਕਰਮ ਉੱਤਮ ਪੰਹਾਲਕਰ ਦੇ ਬਿਆਨ ‘ਤੇ ਦਰਜ ਕੀਤੀ ਗਈ ਹੈ। ਇਸ ਵਿੱਚ ਪੈਸੇ ਵੰਡਣ ਦਾ ਕੋਈ ਦੋਸ਼ ਨਹੀਂ ਹੈ। ਇਹ ਕਾਰਵਾਈ ਇੱਕ ਬਾਹਰੀ ਆਗੂ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਇਲਾਕੇ ਵਿੱਚ ਆ ਕੇ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਮੀਟਿੰਗ ਕਰਨ ਮਗਰੋਂ ਹੋਈ ਹੈ।
ਕੈਸ਼-ਕਾਂਡ ਬਾਰੇ ਬਹੁਜਨ ਵਿਕਾਸ ਅਘਾੜੀ ਦੇ ਆਗੂ ਸ਼ਿਤਿਜ ਠਾਕੁਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਗੂ ਵਿਨੋਦ ਤਾਵੜੇ ਨੇ ਕਰੀਬ 5 ਕਰੋੜ ਰੁਪਏ ਲੈ ਕੇ ਆਏ। ਨਾਲ ਹੀ ਵਸਈ-ਵਿਰਾਰ ਦੇ ਵਿਧਾਇਕ ਹਿਤੇਂਦਰ ਠਾਕੁਰ ਨੇ ਦੋਸ਼ ਲਾਇਆ ਕਿ 5 ਕਰੋੜ ਰੁਪਏ ਵੰਡੇ ਜਾਣ ਸਬੰਧੀ ਮੈਨੂੰ ਡਾਇਰੀਆਂ ਮਿਲੀਆਂ ਹਨ। ਕਿੱਥੇ ਅਤੇ ਕੀ ਵੰਡਿਆ ਗਿਆ ਹੈ, ਇਸ ਬਾਰੇ ਪੂਰੀ ਜਾਣਕਾਰੀ ਹੈ। ਵਿਰੋਧੀਆਂ ਵੱਲੋਂ ਲੱਗੇ ਦੋਸ਼ਾਂ ਨੂੰ ਲੈ ਕੇ ਵਿਨੋਦ ਤਾਵੜੇ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਹੈ ਕਿ ਪੈਸੇ ਵੰਡਣ ਦੇ ਦੋਸ਼ ਨਿਰਾਆਧਾਰ ਅਤੇ ਬੇਬੁਨਿਆਦ ਹਨ। ਉਹਨਾਂ ਉਮੀਦ ਜਤਾਈ ਕਿ ਚੋਣ ਕਮਿਸ਼ਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇਗਾ।