
ਨਵੀਂ ਦਿੱਲੀ, 12 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਨੇਤਾ ਸੀਤਾਰਾਮ ਯੇਚੁਰੀ ਦਾ ਲੰਬੀ ਬੀਮਾਰੀ ਤੋਂ ਬਾਅਦ 72 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸੀਪੀਐਮ ਅਤੇ ਏਮਜ਼ ਨਾਲ ਜੁੜੇ ਸੂਤਰਾਂ ਨੇ ਕੀਤੀ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਸਨ। ਸੂਤਰਾਂ ਮੁਤਾਬਕ ਸੀਤਾਰਾਮ ਯੇਚੁਰੀ ਦਾ ਵੀਰਵਾਰ ਸ਼ਾਮ 3:05 ਵਜੇ ਦੇਹਾਂਤ ਹੋ ਗਿਆ।
ਸੀਪੀਆਈ (ਐਮ) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ 72 ਸਾਲਾ ਯੇਚੁਰੀ ਨੂੰ ਇੱਥੇ ਏਮਜ਼ ਵਿੱਚ ਆਕਸੀਜਨ ਸਹਾਇਤਾ ‘ਤੇ ਰੱਖਿਆ ਗਿਆ ਹੈ। ਦੱਸਿਆ ਗਿਆ ਹੈ ਕਿ ਉਸ ਦਾ ਸਾਹ ਦੀ ਨਾਲੀ ਦਾ ਇਲਾਜ ਕੀਤਾ ਜਾ ਰਿਹਾ ਸੀ। ਯੇਚੁਰੀ ਨੂੰ ਨਮੂਨੀਆ ਵਰਗੀ ਛਾਤੀ ਦੀ ਬਿਮਾਰੀ ਦੇ ਇਲਾਜ ਲਈ 19 ਅਗਸਤ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲ ਹੀ ਵਿੱਚ ਉਹਨਾਂ ਦਾ ਮੋਤੀਆਬਿੰਦ ਦਾ ਅਪਰੇਸ਼ਨ ਹੋਇਆ ਹੈ।
ਸੀਤਾਰਾਮ ਯੇਚੁਰੀ ਦੇ ਦੇਹਾਂਤ ‘ਤੇ ਭਾਜਪਾ ਅਤੇ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਯੇਚੁਰੀ ਪ੍ਰਕਾਸ਼ ਕਰਤ ਦੀ ਥਾਂ ਲੈ ਕੇ 2015 ਵਿੱਚ ਸੀਪੀਐਮ ਦੇ ਜਨਰਲ ਸਕੱਤਰ ਬਣੇ। ਉਨ੍ਹਾਂ ਮਰਹੂਮ ਪਾਰਟੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਨਾਲ ਰਹਿ ਕੇ ਸਿਆਸਤ ਸਿੱਖੀ।