
ਮੋਹਾਲੀ, 7 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਲੈਕਚਰਾਰ ਕਾਡਰ ਦੇ ਚਲੰਤ ਮੁੱਦਿਆਂ ਦੇ ਸੰਬੰਧ ਯੂਨੀਅਨ ਦੇ ਵੱਖ ਵੱਖ ਸਾਥੀਆਂ ਨਾਲ਼ ਚਰਚਾ ਕੀਤੀ ਗਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਤਰੱਕੀਆਂ ਤੇ ਕੋਰਟ ਕੇਸਾਂ ਦੇ ਮੁੱਦੇ, ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਤਰੱਕੀ, ਆਨ ਲਾਇਨ ਬਦਲੀਆਂ ਵਿੱਚ ਆ ਰਹੀਆਂ ਸਮੱਸਿਆਵਾਂ, ਨਵੀਂ ਬਣ ਰਹੀ ਸੀਨੀਅਰਤਾ ਸੂਚੀ ਅਤੇ ਵਿੱਤ ਵਿਭਾਗ ਨਾਲ਼ ਸੰਬੰਧਿਤ ਮੁੱਦੇ ਵਿਚਾਰੇ ਗਏ।
ਇਸ ਸੰਬੰਧੀ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਸਮੇਂ ਕਾਡਰ ਵਿੱਚ ਹੋਈਆਂ ਭਰਤੀਆਂ ਸਮੇਂ ਵਿਭਾਗ ਵੱਲੋਂ ਵੱਖ ਵੱਖ ਭਰਤੀ ਪ੍ਰਕਿਰਿਆ ਅਪਣਾਈ ਗਈ ਹੈ ਇਸ ਲਈ ਵਿਭਾਗ ਵੱਲੋਂ ਮੰਗੀ ਗਈ ਸੂਚਨਾ ਸੰਬੰਧੀ ਕਾਡਰ ਵਿੱਚ ਕਈ ਤੌਖਲੇ/ਸਮੱਸਿਆਵਾਂ ਪਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੀ ਆਨਲਾਇਨ ਬਦਲੀਆਂ ਦੌਰਾਨ ਅਧਿਆਪਕਾਂ ਪਾਸੋਂ ਸਟੇਸ਼ਨ ਚੋਣ ਕਰਦਿਆਂ ਜਾਂ ਸਾਫਟਵੇਅਰ ਦੀਆਂ ਦਿੱਕਤਾਂ ਕਾਰਨ ਬਦਲੀਆਂ ਥਾਂ-ਕੁਥਾਂ ਹੋ ਗਈਆਂ ਹਨ, ਦੀ ਦਰੁਸਤੀ ਜਾਂ ਰੱਦ ਕਰਨ ਦੀ ਨੀਤੀ ਦੀ ਅਣਹੋਂਦ ਕਾਰਨ ਫ਼ੀਲਡ ਵਿੱਚ ਸਮੱਸਿਆ ਪੈਦਾ ਹੋ ਗਈਆਂ ਹਨ। ਇਸ ਦੇ ਨਾਲ਼ ਹੀ ਬਦਲੀਆਂ ਹੋਣ ਕਾਰਨ ਬਹੁਤ ਸਾਰੇ ਸਟੇਸ਼ਨ ਖ਼ਾਲੀ ਹੋ ਗਏ ਹਨ। ਇਹਨਾਂ ਮੁੱਦਿਆਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ।
ਇਹਨਾਂ ਸਮੱਸਿਆਵਾਂ ਦੇ ਸੰਬੰਧ ਵਿੱਚ ਸੂਬਾ ਸਕੱਤਰ ਜਨਰਲ ਸ੍ਰੀ ਰਵਿੰਦਰਪਾਲ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਥਾਂ-ਕੁਥਾਂ ਹੋਈਆਂ ਬਦਲੀਆਂ ਨੂੰ ਰੱਦ ਕਰਨ ਦੀ ਆਪਸ਼ਨ ਆਨਲਾਇਨ ਪੋਰਟਲ ਤੇ ਦਿੱਤੀ ਜਾਵੇ। ਸੂਬਾ ਪ੍ਰੈਸ ਸਕੱਤਰ ਰਣਬੀਰ ਸੋਹਲ ਨੇ ਮੰਗ ਕੀਤੀ ਕਿ ਬਦਲੀਆਂ ਤੋਂ ਬਾਅਦ ਖ਼ਾਲੀ ਹੋਏ ਸਟੇਸ਼ਨ ਭਰਨ ਲਈ ਦੁਬਾਰਾ ਮੌਕਾ ਦਿੱਤਾ ਜਾਵੇ।
ਇਸ ਚਰਚਾ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਸੰਗਰੂਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ, ਇੰਦਰਜੀਤ ਸਿੰਘ ਹੁਸ਼ਿਆਰਪੁਰ, ਸਾਹਿਬ ਰਣਜੀਤ ਸਿੰਘ, ਅੰਮ੍ਰਿਤਸਰ, ਫ਼ਤਹਿਗੜ੍ਹ ਸਾਹਿਬ ਤੋਂ ਰਾਮਵੀਰ ਸਿੰਘ, ਕਰਮਜੀਤ ਸਿੰਘ ਹੁਸੈਨਪੁਰਾ, ਦਲਬੀਰ ਸਿੰਘ ਸੰਧੂ, ਪੂਰਨ ਸਹਿਗਲ ਤੇ ਹੋਰ ਸ਼ਾਮਲ ਸਨ।